ਸੰਤ ਭਿੰਡਰਾਂਵਾਲਿਆਂ ਨਾਲ ਆਖਰੀ ਗੱਲਬਾਤ
Jun 16th, 2008 | By jagdeep | Category: Interviews (ਮੁਲਾਕਾਤਾਂ)
ਪੰਜਾਬ ਵਿਚ ਫੌਜ ਭੇਜਣ ਬਾਰੇ ਤੁਹਾਡਾ ਪ੍ਰਤੀਕਰਮ?
ਇਹ ਸਿਖਾਂ ਨੂੰ ਦਬਾਉਣ ਲਈ ਭੇਜੀ ਗਈ ਹੈ।
ਸੀ.ਆਰ.ਪੀ. ਤੇ ਫੌਜ ਵਿਚ ਕੋਈ ਫਰਕ?
ਕੋਈ ਫਰਕ ਨਹੀਂ, ਸਿਰਫ ਨਾਂ ਦਾ ਹੀ ਫਰਕ ਹੈ। ਸੀ.ਆਰ.ਪੀ. ਵੀ ਸਿਖਾਂ ਨੂੰ ਦਬਾ ਰਹੀ ਹੈ, ਇਹ ਵੀ ਦਬਾਉਣਗੇ।
? ਦਰਬਾਰ ਸਾਹਿਬ ’ਤੇ ਪਹਿਲੀ ਜੂਨ ਨੂੰ ਲਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ ਹਨ-ਕੀ ਹੁਣ ਇਸ ਦੀ ਪ੍ਰਤੀਕ੍ਰਿਆ ਹੋੲਗੀ?
ਸਿਖ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਿਲਕੁਲ ਨਹੀਂ ਸਹਾਰ ਸਕਦੇ, ਇਸ ਦੀ ਪ੍ਰਤੀਕਿਰਿਆ ਜ਼ਰੂਰ ਹੋੲਗੀ।
ਕੀ ਹੁਣ ਸਿਖ ਭਾਰਤ ਵਿਚ ਰਹਿ ਸਕਦੇ ਹਨ?
ਬਰਾਬਰ ਦੇ ਸ਼ਹਿਰੀ ਬਣ ਕੇ ਹੀ ਰਹਿ ਸਕਦੇ ਹਨ।
ਕੀ ਸਿਖ ਭਾਰਤ ਨਾਲ ਰਹਿ ਸਕਦੇ ਹਨ?
ਸੱਚੀ ਗੱਲ ਹੈ ਕਿ ਹੁਣ ਰਹਿਣਾ ਔਖਾ ਹੈ।
? ਕੀ ਤੁਸੀਂ ਅਕਾਲੀ ਲੀਡਰਸ਼ਿਪ ਤੋਂ ਸੰਤੁਸ਼ਟ ਹੋ?
ਇਸ ਬਾਰੇ ਕੁਝ ਨਹੀਂ ਕਹਿਣਾ।
? ਰੱਬ ਨਾ ਕਰੇ, ਜੇ ਤੁਹਾਡੀ ਮੌਤ ਹੋ ਜਾਏ ਤਾਂ ਤੁਹਾਡਾ ਉਤਰਾਧਿਕਾਰੀ ਕੌਣ ਹੋਏਗਾ?
ਸਾਡੇ ਵਿਚ ਵੋਟਾਂ ਦਾ ਰਿਵਾਜ਼ ਨਹੀਂ ਹੈ। ਜੋ ਵਿਅਕਤੀ ਯੋਗ ਹੋਏਗਾ, ਜੱਥੇ ਵਾਲੇ ਉਸ ਨੂੰ ਚੁਣ ਲੈਣਗੇ।
? ਕੀ ਤੁਸੀਂ ਵਿਦਸ਼ਾਂ ਤੋਂ ਆਪਣੇ ਮਿਸ਼ਨ ਦੀ ਪੂਰਤੀ ਲਈ ਮਦਦ ਲਓਗੇ?
ਸਿਖਾਂ ਦੇ ਹੱਕਾਂ ਲਈ ਜੇ ਕੋਈ ਦੇਸ਼ ਮਦਦ ਦੇਵੇਗਾ ਤਾਂ ਜ਼ਰੂਰ ਲਵਾਂਗੇ।
ਇਕ ਸਵਾਲ ਦੇ ਜਵਾਬ ਵਿਚ ਸੰਤ ਜੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਉਨਾਂ ਦੇ ਕਿਸੇ ਮੈਂਬਰ ਨੇ ਗੋਲੀ ਨਹੀਂ ਚਲਾਈ, ਜਦੋਂ ਪੁਛਿਆ ਗਿਆ ਕਿਉਂ ਤਾਂ ਕਿਹਾ ਸਿੰਘ ਸਾਹਿਬਾ ਨੂੰ ਪੁੱਛੋ। (ਸਿੰਘ ਸਾਹਿਬਾਨ ਨੇ ਇਕ ਅਪੀਲ ਰਾਹੀਂ 30 ਅਪ੍ਰੈਲ ਨੂੰ ਕੰਪਲੈਕਸ ਅੰਦਰ ਗੋਲੀ ਚਲਾਉਣੀ ਤੇ ਤਸ਼ੱਦਦ ਕਰਨਾ ਮਨਾ ਕਰ ਦਿਤਾ ਸੀ-ਲੇਖਕ)
? ਕੀ ਤੁਸੀਂ ਸਿੰਘ ਸਾਹਿਬਾਨ ਦੇ ਕੱਲ ਦੇ ਆਦੇਸ਼ ਨਾਲ ਸਹਿਮਤ ਹੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੱਲਾ ਬੋਲ ਦਿਤਾ ਹੈ, ਦੁਸ਼ਟਾਂ ਦਾ ਨਾਸ਼ ਕਰ ਦਿਓ?
ਪੂਰੀ ਤਰਾਂ ਸਹਿਮਤ ਹਾਂ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸਿਖ ਭਾਰਤ ਵਿਚ ਗ਼ੁਲਾਮ ਹਨ-ਅਸੀਂ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ।
ਉਸ ਸਮੇ ਸੰਤ ਜੀ ਪਾਸ ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ, ਜਨਰਲ ਸੁਬੇਗ ਸਿੰਘ ਤੇ ਗਿਆਨੀ ਪੂਰਨ ਸਿੰਘ ਵੀ ਬੈਠੇ ਸਨ। ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੀ ਪੱਤਰਕਾਰਾਂ ਨਾਲ ਜਾਣ ਪਛਾਣ ਕਰਾਈ ਤੇ ਦਸਿਆ, ਇਨਾਂ ਨੇ ਮੁਕਤੀ ਬਾਹਨੀ ਫੌਜ ਬਣਾਈ ਸੀ ਅਤੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ।
ਪੱਤਰਕਾਰਾਂ ਨੇ ਜਨਰਲ ਸਾਹਿਬ ਤੋਂ ਵੀ ਕਈ ਸਵਾਲ ਪੁਛੇ। ਜਨਰਲ ਸੁਬੇਗ ਸਿੰਘ ਨੇ ਕਿਹਾ, “ਜੇਕਰ ਜਨਰਲ ਸਪੈਰੋ ਕਾਂਗਰਸ ’ਚ ਸ਼ਾਮਲ ਹੋ ਸਕਦਾ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਿਉਂ ਨਹੀਂ ਹੋ ਸਕਦਾ।” ਉਨਾਂ ਕਿਹਾ ਕਿ “ਉਹ ਆਪਣੇ ਦੇਸ਼ ਲਈ ਅਨੇਕਾਂ ਲੜਾਈਆਂ ਲੜੇ ਹਨ। ਹੁਣ ਆਪਣੇ ਧਰਮ ਤੇ ਧਾਰਮਿਕ ਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜਾਨ ਵਾਰ ਦਿਆਂਗਾ।” (ਜੋ ਉਨਾਂ ਸੱਚਮੁਚ ਵਾਰ ਦਿਤੀ)
ਇਤਨੇ ਨੂੰ ਕੁਝ ਸਿੰਘ ਲਾਗਲੀਆਂ ਉੱਚੀਆਂ ਇਮਾਰਤਾਂ ਤੇ ਪੋਜ਼ੀਸ਼ਨਾਂ ਲੈ ਕੇ ਬੈਠੇ ਫੌਜੀਆਂ ਨੂੰ ਦੂਰਬੀਨ ਨਾਲ ਵੇਖਣ ਲੱਗੇ। ਜਨਰਲ ਸੁਬਗ ਸਿੰਘ ਉਨਾਂ ਤੋਂ ਦੂਰਬੀਨ ਲੈ ਕੇ ਆਪ ਵੇਖਣ ਲੱਗੇ। ਅਸੀਂ ਵਾਪਸ ਆ ਗਏ। ਉਦੋਂ ਅਸੀਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੰਤ ਜੀ ਨਾਲ ਸਾਡੀ ਇਹ ਆਖ਼ਰੀ ਮੁਲਾਕਾਤ ਹੈ।
ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਡਾਇਰੀ ਦੇ ਪੰਨੇ’ ਵਿਚੋਂ






