ਨਵਾਂ ਘੱਲੂਘਾਰਾ

Jun 17th, 2008 | By jagdeep | Category: Poems (ਕਵਿਤਾਵਾਂ)

ਕਵਿਤਾ,ਅਫਜਲ ਅਹਿਸ਼ਨ ਰੰਧਾਵਾ ਦੀ ਆਵਾਜ ਵਿਚ ਸੁਣਨ ਲਈ ਹੇਠਲੇ ਲਿੰਕ ‘ਤੇ ਕਲਿੱਕ ਕਰੋ
poem-in-afzal-poet-randhawas-voice

ਸੁਣ ਰਾਹੀਆ ਕਰਮਾ ਵਾਲਿਆ
ਮੈਂ ਬੇਕਰਮੀ ਦੀ ਬਾਤ
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।
ਮੇਰੀ ਸਾਵੀ ਕੁੱਖ ਜਨਮਾ ਚੁਕੀ
ਜਿਹੜੀ ਗੁਰੂ ਸਿਆਣੇ ਵੀਰ
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀਂ ਕੁੱਖ ਅਖੀਰ
ਵਿੱਚ ਫੁੱਲਿਆਂ ਵਾਂਗੂ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ
ਅੱਜ ਮੇਰੇ ਥਣਾਂ ਚੋਂ ਚੁੰਘਦੇ
ਮੇਰੇ ਬੱਚੇ ਲਹੂ ਤੇ ਦੁੱਖ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੇ ਸ਼ਹੀਦਾਂ ਵਾਲੀ ਦੱਖ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ ਤਾਂਹ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ
ਅੱਜ ਵੈਰੀਆਂ ਕੱਢ ਵਿਖਾਲਿਆ
ਹਾਇ ਪੰਜ ਸਦੀਆਂ ਦਾ ਵੈਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲਕਾਂ ਮਾਰਦਾ ਰੰਗ
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ।
ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ
ਜਿਥੇ ਦੁਨੀਆ ਮੱਥਾ ਟੇਕਦੀ
ਉੱਥੇ ਬੂਟਾਂ ਛੱਡੀ ਭਿੱਟ।
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖ਼ਤ ਅਕਾਲ
ਮੇਰੇ ਸੋਨੇ ਰੰਗਾ ਰੰਗ ਅੱਜ
ਮੇਰੇ ਲਹੂ ਨਾਲ ਲਾਲੋ ਲਾਲ।
ਮਿਰੀਆਂ ਖੁਥੀਆਂ ਟੈਕਾਂ ਮੀਡੀਆਂ
ਮੇਰੀ ਲੂਹੀ ਬੰਬਾਂ ਗੁੱਤ
ਮੇਰੇ ਕੁੱਛੜ ਅੰਨੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ।
ਮੇਰਾ ਸਾਲੂ ਰਾਤ ਸੁਹਾਗ ਦਾ
ਹੋਇਆ ਇਦਾਂ ਲੀਰੋ ਲੀਰ
ਜਿਵੇਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ।
ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ ਤੇ ਰਤਾ ਨਾ ਮੈਲ।
ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ
ਉਂਜ ਡੱਕੇ ਰਹਿ ਗਏ ਘਰਾਂ ਵਿੱਚ
ਮੇਰੇ ਲੱਖਾਂ ਪੁੱਤਰ ਸ਼ੇਰ।
ਸੁਣ ਰਾਹੀਆ ਕਰਮਾ ਵਾਲਿਆ
ਇਸ ਬੇਕਰਮੀ ਦੀ ਬਾਤ
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।
ਮੇਰੇ ਲੂੰ ਲੂੰ ਚੋਂ ਪਈ ਵਗਦੀ
ਭਾਵੇਂ ਲਹੂ ਦੀ ਇੱਕ ਇੱਕ ਨਹਿਰ
ਮੈਂ ਅਜੇ ਜਿਓਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ।
ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਵਣ ਜਹਿਰ।
ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਬਾਂਹ ਇੱਕ ਇੱਕ ਲਹਿਰ
ਮੇਰੇ ਪੁੱਤਰ ਪਿੰਡੋਂ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ।
ਮਿਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਇੱਕ ਵਰਕਾ ਪੜ੍ਹ
ਜਦੋਂ ਭਾਰੀ ਬਣੀ ਹੈ ਮਾਂ ‘ਤੇ
ਮੇਰੇ ਪੁੱਤਰ ਆਏ ਚੜ੍ਹ।
ਸੁਣ ਰਾਹੀਆ ਰਾਹੇ ਜਾਂਦਿਆ
ਤੂੰ ਲਿਖ ਰਖੀ ਇਹ ਬਾਤ
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ।
- ਅਫ਼ਜ਼ਲ ਅਹਿਸਨ ਰੰਧਾਵਾ

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.