ਭਾਈ ਅਵਤਾਰ ਸਿੰਘ ਬ੍ਰਹਮਾ ਦੀ ਸੰਘਰਸ਼ ਨੀਤੀ
Aug 3rd, 2008 | By jagdeep | Category: ਸ਼ਹਾਦਤਾਂ, ਜਿਨ੍ਹਾਂ 'ਤੇ ਸਾਨੂੰ ਮਾਣ ਹੈਤਰਨ ਤਾਰਨ ਤਹਿਸੀਲ ਵਿਚ ਚੋਹਲਾ ਸਾਹਿਬ ਕਸਬਾ ਹੈ, ਜਿਥੇ ਸ਼ਿਵ ਸਿੰਘ (ਛਿੱਬੂ ਰਾਮ) ਪੁਲਿਸ ਚੌਂਕੀ ’ਚ ਥਾਣੇਦਾਰ ਲੱਗਿਆ ਸੀ। ਉਸ ਉ
ਪਰ ਇਹ ਗੱਲ ਪੂਰੀ ਢੁਕਦੀ ਸੀ ਕਿ ਜਿਵੇਂ ਕਹਿੰਦੇ ਕਿ ਜੱਟ ਸੁਹਾਗੇ ’ਤੇ ਚੜ੍ਹਿਆ ਮਾਣ ਨਹੀਂ ਹੁੰਦਾ। ਜੇ ਮਾੜਾ ਮੋਟਾ ਵਿਅਕਤੀ ਥਾਣੇਦਾਰ ਲੱਗ ਜਾਵੇ ਤੇ ਫਿਰ ਲੋਕਾਂ ’ਤੇ ਰੋਹਬ ਨਾ ਜਮਾਵੇ, ਇਹ ਕਿਵੇਂ ਹੋ ਸਕਦਾ ਹੈ। ਬੜਾ ਲੋਕਾਂ ਉਪਰ ਰੋਹਬ-ਦਾਬ ਜਮਾਉਂਦਾ ਸੀ। ਕਿਸੇ ਹਿੰਦੂ ਸਿੱਖ ਨੂੰ ਗਾਲ੍ਹ ਕੱਢਣ ਲੱਗਾ, ਕਿਸੇ ਦੀ ਸ਼ਰਾਫਤ ਦਾ, ਉਮਰ ਦਾ ਲਿਹਾਜ਼ ਨਹੀਂ ਸੀ ਕਰਦਾ। ਜੋ ਕੋਈ ਬਜ਼ਾਰ ਜਾਂਦਾ ਸਾਈਕਲ ਵਾਲਾ ਸਾਈਕਲ ਦੀ ਘੰਟੀ ਵੀ ਵਜਾ ਦੇਂਦਾ ਤਾਂ ਚਪੇੜਾਂ ਡੰਡਿਆਂ ਤੇ ਗਾਲ੍ਹਾਂ ਦੀ ਵਾਛੜ ਕਰ ਦੇਂਦਾ। ਛਿੱਬੂ ਰਾਮ ਨਾਲ ਦੀ ਤਾਂ ਕੋਈ ਗਾਲ੍ਹ ਕੱਢ ਹੀ ਨਹੀਂ ਸੀ ਸਕਦਾ। ਗਾਲ੍ਹ ਸੱਤ ਵੱਲ ਪਾ ਕੇ ਕੱਢਦਾ ਸੀ ਕਿ ਰਾਹਗੀਰ ਨੂੰ ਜਿਉਂਦੇ ਨੂੰ ਹਲਾਲ ਕਰ ਦੇਂਦਾ ਸੀ। ਟਰੱਕ, ਬੱਸ, ਸਕੂਟਰ, ਕਾਰ, ਮੋਟਰ ਸਾਈਕਲ ਵਾਲਾ ਬਜ਼ਾਰ ਵਿਚ ਹਾਰਨ ਨਹੀਂ ਸੀ ਦੇ ਸਕਦਾ। ਜੇ ਕੋਈ ਮਜ਼ਬੂਰੀ ਵੱਸ ਹਾਰਨ ਵਜਾ ਦੇਂਦਾ ਸੀ ਤੇ ਜੇ ਉਥੇ ਨੇੜੇ ਹੋਵੇ ਥਾਣੇਦਾਰ ਛਿੱਬੂ ਰਾਮ ਤਾਂ ਸਮਝੋ ਫਿਰ ਉਹ ਬੇਇੱਜ਼ਤ ਹੋਏ ਬਿਨਾਂ ਸੁੱਕਾ ਕਿਵੇਂ ਬਚ ਕੇ ਜਾ ਸਕਦਾ ਸੀ। ਇਲਾਕੇ ਵਿਚ ਅਵਤਾਰ ਸਿੰਘ ਬ੍ਰਹਮਾ ਦੀ ਧੁੰਮ ਪਈ ਹੋਈ ਸੀ, ਲੋਕ ਬ੍ਰਹਮਾ ਦੀ ਕੁਰਬਾਨੀ, ਜਾਂਬਾਜ਼ੀ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ। ਕਈ ਕਹਿੰਦੇ ਸਨ, ਬ੍ਰਹਮਾ ਚੋਹਲਾ ਚੌਕੀ ਦੇ ਥਾਣੇਦਾਰ ਨੂੰ ਮਿਲੇ ਤਾਂ ਸਵਾਦ ਆਉਂਦਾ। ਬ੍ਰਹਮਾ ਕਹਿੰਦੇ ਸੀ ਕਿ ਵਿਚਾਰਾ ਮਾੜਾ ਮੋਟਾ ਜਿਹਾ ਥਾਣੇਦਾਰ ਬਣਿਆ ਹੈ, ਚਾਰ ਦਿਨ ਉਸ ਨੂੰ ਮਨ ਖੁਸ਼ ਕਰ ਲੈਣ ਦਿਉ।
ਦੂਜੇ ਪਾਸੇ ਸਾਥੀ ਪੁਲਿਸ ਵਾਲਿਆਂ ਨੂੰ ਛਿੱਬੂ ਰਾਮ ਕਹਿੰਦਾ ਸੀ, ਤੁਸੀਂ ਸੂਹ ਰੱਖੋ ਆਪਾਂ ਬ੍ਰਹਮਾ ਦੀ ਬ੍ਰਹਮੀ ਬਣਾਉਣੀ ਆ ਤੇ ਪੁਲਿਸ ਮੁਖੀ ਰਿਬੈਰੋ ਤੋਂ ਡੀ.ਐੱਸ.ਪੀ. ਦੇ ਸਟਾਰ ਲਵਾ ਕੇ ਪੁਲਿਸ ਕਪਤਾਨ ਬਣ ਜਾਣਾ।
ਇਕ ਦਿਨ ਚਾਹ ਵਾਲੀ ਦੁਕਾਨ ਵਿਚ ਬੈਠਾ ਥਾਣੇਦਾਰ ਆਪਣੇ ਸਾਥੀ ਪੁਲਿਸ ਵਾਲਿਆਂ ਨਾਲ ਚਾਹ ਪੀ ਰਿਹਾ ਸੀ ਤੇ ਨਾਲ ਦੇ ਸਾਥੀਆਂ ਨੂੰ ਕਹਿ ਰਿਹਾ ਸੀ ਕਿ ਓਏ ਕੰਜਰ ਦਿਉ ਪੁੱਤੋ, ਤੁਸੀਂ ਵੀ ਖੋਤੇ ਹੋ, ਤੁਹਾਡੇ ਤੋਂ ਬ੍ਰਹਮੇ ਦੀ ਸੂਹ ਨਹੀਂ ਨਿਕਲਦੀ। ਪੁਲਿਸ ਦਾ ਹੌਲਦਾਰ ਕਹਿ ਰਿਹਾ ਸੀ ਕਿ ਜਨਾਬ, ਕੀ ਕਰੀਏ, ਲੋਕ ਬ੍ਰਹਮਾ ਦੇ ਦੀਵਾਨੇ ਹਨ। ਕੋਈ ਉਸ ਬਾਰੇ ਗੱਲ ਕਰਨ ਵਾਸਤੇ ਤਿਆਰ ਨਹੀਂ।
ਥਾਣੇਦਾਰ : ਨਾਲਾਇਕੋ, ਪਿੰਡਾਂ ਵਿਚ ਲੋਕਾਂ ਨੂੰ ਸ਼ਰਾਬ ਕੱਢਣ ਦੀ ਖੁਲ੍ਹ ਦਿਉ, ਲਾਲਚ ਦਿਉ ਤੇ ਆਖੋ ਕਿ ਬ੍ਰਹਮਾ ਫੜਾਉ ਤੇ ਮੌਜਾ ਉਡਾਉ। ਵੇਖੋ ਕਿੰਨੀ ਛੇਤੀ ਲੋਕ ਆਪ ਹੀ ਬ੍ਰਹਮੀ ਨੂੰ ਫੜ ਕੇ ਆਪਣੇ ਸਾਹਮਣੇ ਪੇਸ਼ ਕਰਦੇ। ਤੁਸੀਂ ਤਾਂ ਖਾਲੀ ਭਾਂਡਾ ਵੇਖ ਲੈਂਦੇ ਜੇ ਤੇ ਲੋਕਾਂ ਦੀ ਮਾਰ ਕੁੱਟ ਕਰ ਕੇ ਪੈਸੇ ਝਾੜਦੇ ਜੇ। ਲੋਕ ਤਾਹੀਉਂ ਬ੍ਰਹਮੇ ਨਾਲ ਜੁੜੀ ਜਾਂਦੇ। ਇਸ ਦੁਕਾਨ ਵਿਚ ਹੀ ਦੁਰਗਾ ਸਿੰਘ ਜਥੇਦਾਰ ਮੋਟਾ ਤਾਜ਼ਾ ਪੇਂਡੂ ਜੱਟਾਂ ਦੇ ਭੇਸ ਵਿਚ ਤੇੜ ਚਾਦਰਾ, ਲੰਬਾ ਕੁੜਤਾ ਪਾਈ, ਸਿਰ ’ਤੇ ਸਿੱਧੀ ਜਿਹੀ ਪੱਗ ਵਲ੍ਹੇਟੀ, ਛੋਟੀ ਦਾਹੜੀ, 50 ਸਾਲ ਦਾ ਬੈਠਾ ਸੀ। ਕਹਿੰਦਾ ਥਾਣੇਦਾਰ ਸਾਹਿਬ ਜੇ ਇਹ ਸੇਵਾ ਮੈਨੂੰ ਦਿੱਤੀ ਜਾਵੇ ਤਾਂ ਮੈਂ ਬ੍ਰਹਮੇ ਦੇ ਛੇਤੀ ਹੀ ਤੁਹਾਨੂੰ ਦਰਸ਼ਨ ਕਰਵਾ ਦੇਵਾਂਗਾ। ਬਾਕੀ ਰਹੀ ਗੱਲ ਬ੍ਰਹਮਾ ਨੂੰ ਕਾਬੂ ਕਰਨ ਦੀ, ਉਹ ਤੁਸੀਂ ਆਪ ਕਰ ਲੈਣਾ। ਮੇਰੀ ਸਿਆਣ ਰੱਖਣੀ, ਮੈਂ ਭਲਾ ਤੁਹਾਨੂੰ ਰੋਕ ਕੇ ਪੜਦੇ ਨਾਲ ਦੱਸਣ ਲੱਗਾਂ। ਤੁਸੀਂ ਮੈਨੂੰ ਕੁੱਟਣ ਲੱਗ ਪਉ, ਗਾਲ੍ਹਾਂ ਕੱਢਣ ਲੱਗ ਪਉ ਤੇ ਕਿਤੇ ਮੇਰਾ ਇਨਾਮ ਕੋਈ ਹੋਰ ਨਾ ਲੈ ਜਾਵੇ, ਜਿਹੜਾ ਬ੍ਰਹਮੇ ਦੇ ਸਿਰ ’ਤੇ ਸਰਕਾਰ ਨੇ ਫੜਾਉਣ ਲਈ ਰੱਖਿਆ ਹੈ। ਮੇਰੀ ਸ਼ਨਾਖ਼ਤ ਗੁਪਤ ਰੱਖਣੀ। ਬ੍ਰਹਮਾ ਇਸ ਕੰਮ ਵਾਲੇ ਨੂੰ ਮਿਲਦਾ ਜਰੂਰ ਹੈ। ਥਾਣੇਦਾਰ ਕਹਿੰਦਾ, ਫ਼ਿਕਰ ਨਾ ਕਰ ਜੱਟਾ, ਤੂੰ ਬ੍ਰਹਮਾ ਦੇ ਦਰਸ਼ਨ ਕਰਵਾ ਕੇ ਇਕ ਵਾਰ, ਫਿਰ ਤੇਰਾ ਇਕ ਇਨਾਮ ਪੱਕਾ ਤੇ ਪੁਲਿਸ ਮੁਖੀ ਦੀ ਚਿੱਠੀ ਪ੍ਰਸੰਸਾ-ਪੱਤਰ ਵੀ ਮਿਲੂ, ਜਿਸ ਥਾਣੇ ਜਾਵੇਂਗਾ ਤੈਨੂੰ ਕੁਰਸੀ ਮਿਲਿਆ ਕਰੇਗੀ। ਤੇਰੀ ਸਰਕਾਰੇ ਦਰਬਾਰੇ ਪੁੱਛ-ਪ੍ਰਤੀਤ ਹੋਵੇਗੀ। ਸਾਰੀ ਉਮਰ ਮੌਜਾਂ ਕਰੀਂ ਮੌਜਾਂ। ਦੁਰਗਾ ਸਿੰਘ ‘ਅੱਛਾ ਜਨਾਬ’ ਕਹਿ ਕੇ ਚਾਹ ਵਾਲੀ ਦੁਕਾਨ, ਜੋ ਥਾਣੇ ਪੁਲਿਸ ਚੌਂਕੀ ਦੇ ਸਾਹਮਣੇ ਸੀ, ’ਚੋਂ ਉੱਠ ਕੇ ਬਾਹਰ ਅਣਦੱਸੇ ਰਾਹ ਵੱਲ ਤੁਰ ਗਿਆ। ਥਾਣੇਦਾਰ ਛਿੱਬੂ ਖੁਸ਼ ਸੀ, ਅੱਜ ਉਸ ਨੂੰ ਬ੍ਰਹਮਾ ਦੇ ਦਰਸ਼ਨ ਕਰਾਉਣ ਦਾ ਕਿਸੇ ਅਨਜਾਣ ਜਿਹੇ ਪੇਂਡੂ ਜੱਟ ਨੇ ਵਾਅਦਾ ਕੀਤਾ ਸੀ। ਉਸ ਨੂੰ ਆਪਣੇ ਮੋਢਿਆਂ ’ਤੇ ਸਟਾਰ ਵਧਦੇ ਨਜ਼ਰ ਆਉਣ ਲੱਗੇ। ਉਹ ਸੁਪਨਿਆਂ ਦੀ ਦੁਨੀਆਂ ਵਿਚ ਡੀ.ਐੱਸ.ਪੀ. ਦਾ ਅਹੁਦਾ ਵੇਖ ਰਿਹਾ ਸੀ।
ਜਥੇਦਾਰ ਦੁਰਗਾ ਸਿੰਘ, ਭਾਈ ਅਵਤਾਰ ਸਿੰਘ ਬ੍ਰਹਮਾ ਤੇ ਸਾਥੀ ਸਿੰਘਾਂ ਨੂੰ ਮਿਲਿਆ ਤੇ ਕਿਹਾ ਕਿ ਅੱਜ ਮੈਂ ਥਾਣੇਦਾਰ ਸ਼ਿਵ ਸਿੰਘ ਛਿੱਬੂ ਚੋਹਲਾ ਸਾਹਿਬ ਪੁਲਿਸ ਚੌਂਕੀ ਵਾਲੇ ਨੂੰ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਦੇ ਦਰਸ਼ਨ ਕਰਾਉਣ ਦਾ ਵਾਅਦਾ ਕਰ ਕੇ ਆਇਆ ਹਾਂ। ਸਿੰਘੋ ਤਿਆਰੇ ਕਰੋ, ਬ੍ਰਹਮਾ ਨੂੰ ਵੇਖਣ ਲਈ, ਛਿੱਬੂ ਥਾਣੇਦਾਰ ਬੜਾ ਕਾਹਲਾ ਹੈ। ਭਾਈ ਬ੍ਰਹਮਾ ਤੂੰ ਕਮੀਜ਼ ਪਜਾਮਾ ਪਾ ਕੇ ਪੋਚਵੀਂ ਪੱਗ ਬੰਨ੍ਹ ਲਈਂ, ਤੈਨੂੰ ਪਸੰਦ ਕਰਨਾ ਛਿੱਬੂ ਨੇ ਤੇ ਮਿਲਣੀ ਮੈਂ ਆਪੇ ਕਰ ਲਵਾਂਗਾ। ਛਿੱਬੂ ਰਾਮ ਦਾ ਸਵਾਗਤ ਅਤੇ ਰਾਸ਼ਨ ਪਾਣੀ ਵਰਤਾਉਣ ਦੀ ਸੇਵਾ ਜਥੇਦਾਰ ਬੋਹੜ ਸਿੰਘ, ਪਿੱਪਲ ਸਿੰਘ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਗੁਰਦੀਪ ਸਿੰਘ ਵਕੀਲ ਅਤੇ ਭਾਈ ਕਰਨੈਲ ਸਿੰਘ ਡੀ.ਸੀ. ਕਰ ਲੈਣਗੇ। ਲਾਗੀ ਦਾ ਕੰਮ ਸੁਰਿੰਦਰ ਸਿੰਘ ਲੰਬਾ ਜੱਟ ਕਰ ਲਵੇਗਾ।
ਸਿੰਘਾਂ ਨੇ ਆਪਣੀ ਸਕੀਮ ਅਨੁਸਾਰ ਚੋਹਲਾ ਸਾਹਿਬ ਤੋਂ ਸਰਹਾਲੀ ਵਾਲੀ ਸੜਕ ’ਤੇ ਨਹਿਰ ਦੇ ਪੁਲ ’ਤੇ ਮੋਰਚੇ ਮੱਲ ਲਏ । ਸੁਰਿੰਦਰ ਸਿੰਘ ਸ਼ਿੰਦਾ ਲੰਬਾ ਜੱਟ ਨੇ ਥਾਣੇਦਾਰ ਨੂੰ ਇਤਲਾਹ ਦਿੱਤੀ ਕਿ ਬ੍ਰਹਮਾ ਨਿਹੰਗ ਸਰਹਾਲੀ ਵਾਲੀ ਸੜਕ ’ਤੇ ਫਿਰਦਾ ਹੈ, ਉਸ ਕੋਲ ਕੋਈ ਹਥਿਆਰ ਵੀ ਨਹੀਂ ਹੈ, ਮੈਨੂੰ ਖ਼ਾਸ ਬੰਦੇ ਭੇਜਿਆ ਹੈ। ਉਹ ਉਸ ਦੇ ਪਿੱਛੇ ਨਜ਼ਰ ਰੱਖ ਰਿਹਾ ਹੈ। ਤੁਹਾਨੂੰ ਜਨਾਬ ਉਹ ਰਸਤੇ ਵਿਚ ਰੋਕ ਕੇ ਦੱਸੇਗਾ। ਸਰਹਾਲੀ ਤਕ ਆਉਣ ਜਾਣ ਦੇ ਚੱਕਰ ’ਚ ਹੀ ਬ੍ਰਹਮਾ ਕਾਬੂ ਕਰ ਸਕਦੇ ਹੋ। ਅੱਜ ਤਾਂ ਬਹੁਤੀ ਫ਼ੋਰਸ ਦੀ ਵੀ ਲੋੜ ਨਹੀਂ, ਅੱਜ ਤਾਂ ਛਿੱਤਰ ਨਾਲ ਸਹਿਆ ਮਾਰਿਆ ਜਾ ਸਕਦਾ ਹੈ। ਸੂਹੀਆ ਇਤਲਾਹ ਦੇ ਕੇ ਖਿਸਕ ਗਿਆ। ਥਾਣੇਦਾਰ ਛਿੱਬੂ ਰਾਮ ਨੂੰ ਸੁਣ ਕੇ ਚਾਅ ਚੜ੍ਹ ਗਿਆ। ਉਸ ਨੇ ਚਾਰ ਸਿਪਾਹੀ ਪੁਲਿਸ ਚੌਂਕੀ ਦੇ ਨਾਲ ਲਏ, ਪ੍ਰਾਈਵੇਟ ਜੀਪ ਵਾਲੇ ਨੂੰ ਘੇਰ ਲਿਆ। ਕਿਸੇ ਗਰੀਬ ਡਰਾਈਵਰ ਦੀ ਕੀ ਜੁਰਅੱਤ ਸੀ, ਛਿੱਬੂ ਥਾਣੇਦਾਰ ਨੂੰ ਨਾਂਹ-ਨੁੱਕਰ ਕਰਦਾ। ਡਰਦਾ ਜੀਪ ਵਾਲਾ ਮਹਿਰਾ ਸਿੱਖ ਦਾ ਮੁੰਡਾ ਤੇ ਇਕ ਪੰਡਤਾਂ ਦਾ ਮੁੰਡਾ ਜੀਪ ਲੈ ਕੇ ਥਾਣੇਦਾਰ ਨਾਲ ਤੁਰ ਪਏ। ਸਰਹਾਲੀ ਤੱਕ ਤਾਂ ਸੁੱਖੀ ਸਾਂਦੀ ਅੱਪੜ ਗਏ। ਮੁੜ ਕੇ ਖਾਰੇ ਵਾਲੇ ਪੁਲ ’ਤੇ ਪਹੁੰਚੇ ਤਾਂ ਜਥੇਦਾਰ ਦੁਰਗਾ ਸਿੰਘ ਤੇ ਬ੍ਰਹਮਾ ਸੜਕ ’ਤੇ ਖੜ੍ਹੇ ਸਨ, ਬਾਕੀ ਸਿੰਘ ਦੂਜੇ ਪਾਸੇ ਮੋਰਚਾ ਮੱਲੀ ਬੈਠੇ ਸੀ। ਦੁਰਗਾ ਸਿੰਘ ਨੇ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੀਪ ਹੌਲੀ ਹੋ ਕੇ ਰੁਕੀ। ਜਥੇਦਾਰ ਦੁਰਗਾ ਸਿੰਘ ਨੇ ਕਿਹਾ, ਥਾਣੇਦਾਰ ਸਾਹਿਬ, ਤੁਹਾਡੇ ਸਾਹਮਣੇ ਹੈ ਜਨਰਲ ਬ੍ਰਹਮਾ, ਦਰਸ਼ਨ ਕਰ ਲਉ। ਕਰ ਲਵੋਂ ਬ੍ਰਹਮ ਸਿੰਘ ਦਾ ਦੀਦਾਰ, ਪਸੰਦ ਜੇ ? ਇਤਨੀ ਕਹਿ ਕੇ ਜਥੇਦਾਰ ਦੁਰਗਾ ਸਿੰਘ ਚੀਤੇ ਵਰਗੀ ਫੁਰਤੀ ਨਾਲ ਜੀਪ ਤੋਂ ਪਾਸੇ ਹੋ ਗਿਆ। ਮੋਰਚੇ ਮੱਲੀ ਬੈਠੇ ਸਿੰਘਾਂ ਸਤਿ ਸ੍ਰੀ ਅਕਾਲ ਬੋਲ ਕੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਸਿੰਘਾਂ ਦੀ ਗੋਲੀਬਾਰੀ ’ਚ ਬ੍ਰਹਮਾ ਨੂੰ ਫੜਨ ਆਇਆ ਥਾਣੇਦਾਰ ਛਿੱਬੂ ਤੇ ਜੀਪ ਵਾਲੇ ਦੋ ਸਿਵਲ (ਬੰਦੇ) ਮਾਰੇ ਗਏ। ਪੁਲਿਸ ਦੇ ਮੁਲਾਜ਼ਮ ਜ਼ਖਮੀ ਹੋਏ ਜੋ ਹਸਪਤਾਲ ਦਾਖ਼ਲ ਕਰਾਉਣ ’ਤੇ ਬਚ ਗਏ। ਸਿੰਘ ਪੁਲਿਸ ਦੇ ਹਥਿਆਰ ਤੇ ਗੋਲੀ ਸਿੱਕਾ ਵੀ ਲੈ ਗਏ। ਇਹ ਘਟਨਾ 1986 ਦੀ ਹੈ।
ਅਗਲੇ ਦਿਨ ਅਖ਼ਬਾਰਾਂ ਵਿਚ ਖ਼ਬਰ ਛਪ ਗਈ ਕਿ ਖਾਰੇ ਵਾਲੇ ਨਹਿਰ ਦੇ ਪੁਲ ’ਤੇ ਖਾੜਕੂਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਚੋਹਲਾ ਸਾਹਿਬ ਪੁਲਿਸ ਚੌਂਕੀ ਦਾ ਇੰਚਾਰਜ ਥਾਣੇਦਾਰ ਤੇ ਦੋ ਜੀਪ ਵਾਲੇ ਮਾਰੇ ਗਏ। ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਅੱਤਵਾਦੀ ਹਥਿਆਰ ਤੇ ਗੋਲੀ ਸਿੱਕਾ ਵੀ ਲੈ ਗਏ। ਸੁਰੱਖਿਆ ਫ਼ੋਰਸਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਖਾੜਕੂ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਜਥੇਦਾਰ ਅਵਤਾਰ ਸਿੰਘ ਬ੍ਰਹਮਾ ਦੀਆਂ ਪੰਜਾਬ ਭਰ ਵਿਚ ਵੱਧ ਰਹੀਆਂ ਦਲੇਰਾਨਾ ਖਾੜਕੂ ਕਾਰਵਾਈਆਂ ਦੀ ਗੂੰਜ ਦਿੱਲੀ ਦੇ ਗ੍ਰਹਿ ਮੰਤਰੀ ਦੀਆਂ ਮੀਟਿੰਗਾਂ ਤੱਕ ਪੈਣ ਲੱਗੀ। ਅਵਤਾਰ ਸਿੰਘ ਬ੍ਰਹਮਾ ਨੂੰ ਖੁਫੀਆ ਰਿਪੋਰਟਾਂ ਵਿਚ ਮੰਡ ਦਾ ਰਾਜਾ ਕਿਹਾ ਜਾਣ ਲੱਗਾ। ਪੁਲਿਸ ਮੁਖੀ ਰਿਬੈਰੋ ਨੇ ਮੰਡ ਇਲਾਕੇ ਦਾ ਅਪਰੇਸ਼ਨ ਕਰਨ ਦਾ ਫ਼ੈਸਲਾ ਕਰ ਲਿਆ। ਮੰਡ ਇਲਾਕੇ ਵਿਚ ਪਿੰਡ ਧੁੰਨ, ਬਾਬਾ ਦਰਗਾਹੀ ਸ਼ਾਹ ਦਾ 1986, ਤਿੰਨ ਸਾਵਣ ਨੂੰ ਪਹਿਲੇ ਵੀਰਵਾਰ ਮੇਲਾ ਲੱਗਦਾ ਹੈ। ਇਸ ਮੇਲੇ ਦੀਆਂ ਰੌਣਕਾਂ ਸਾਰੇ ਧਰਮਾਂ ਦੇ ਲੋਕ ਪਹੁੰਚ ਕੇ ਵਧਾਉਂਦੇ ਹਨ। ਪੁਲਿਸ ਦਾ ਯਕੀਨ ਸੀ ਕਿ ਇਸ ਮੇਲੇ ’ਤੇ ਖਾੜਕੂ ਵੀ ਮੰਡ ਇਲਾਕੇ ਦੇ ਝੱਲਾਂ ਵਿਚ ਜ਼ਰੂਰ ਇਕੱਠੇ ਹੋਣਗੇ। ਪੁਲਿਸ ਮੁਖੀ ਰਿਬੈਰੋ ਦੀਆਂ ਹਦਾਇਤਾਂ ’ਤੇ ਮੰਡ ਇਲਾਕਾ ਦਰਿਆ ਵਿਚਲੇ ਝੱਲਾਂ-ਛੰਭਾਂ ਨੂੰ ਘੇਰ ਲਿਆ। ਇਸ ਘੇਰੇ ਨੂੰ ਵੇਖ ਕੇ 18ਵੀਂ ਸਦੀ ਦੀ ਲਖਪਤ ਰਾਏ ਦੇ ਕਾਹਨੂੰਵਾਲ ਛੰਭ ਦੇ ਸਿੱਖਾਂ ਨੂੰ ਪਏ ਘੇਰੇ ਦੀ ਯਾਦ ਆ ਜਾਂਦੀ ਹੈ। ਪੁਲਿਸ, ਸੀ.ਆਰ.ਪੀ. ਨੇ ਹਜ਼ਾਰਾਂ ਦੀ ਗਿਣਤੀ ਵਿਚ ਦਰਿਆ ਦੇ ਛੰਭਾਂ-ਝੱਲਾਂ ਨੂੰ ਘੇਰ ਲਿਆ। ਪੁਲਿਸ ਦਾ ਵਿਸ਼ਵਾਸ ਸੀ ਕਿ ਅਵਤਾਰ ਸਿੰਘ ਬ੍ਰਹਮਾ ਤੇ ਸਾਥੀ ਇਸ ਛੰਭ ਵਿਚ ਰਹਿੰਦੇ ਹਨ, ਜਿਥੇ ਸੌ-ਪੰਜਾਹ ਪੁਲਿਸ ਦੇ ਬੰਦੇ ਨਹੀਂ ਪਹੁੰਚ ਸਕਦੇ। ਇਹ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਬਲ ਘੇਰਾ ਪਾ ਕੇ ਸਿੰਘਾਂ ਨੂੰ ਫੜਨ ਲਈ ਤਾਇਨਾਤ ਕੀਤੇ ਗਏ। ਸੀ.ਆਰ.ਪੀ. ਤੇ ਪੁਲਿਸ ਦੇ ਅਫ਼ਸਰ ਦੋ ਹੈਲੀਕੈਪਟਰਾਂ ’ਚ ਸਵਾਰ ਹੋ ਕੇ ਸਿੰਘਾਂ ਦੇ ਟਿਕਾਣੇ ਵੇਖਣ ਲੱਗੇ। ਹੈਲੀਕੈਪਟਰ ਨੀਵੇਂ ਉੱਠ ਰਹੇ ਸਨ, ਅਵਤਾਰ ਸਿੰਘ ਬ੍ਰਹਮਾ ਤੇ ਜਥੇਦਾਰ ਦੁਰਗਾ ਸਿੰਘ ਦਾ ਜਥਾ ਮੰਡ ਵਿਚ ਹੀ ਛਿਪ ਕੇ ਬੈਠਾ ਸੀ। ਸਿੰਘਾਂ ਦੀ ਗੋਲੀ ਦੀ ਮਾਰ ਹੇਠਾਂ ਹੈਲੀਕਾਪਟਰ ਆਇਆ ਤਾਂ ਸਿੰਘਾਂ ਨੇ ਆਪਣੇ ਹਥਿਆਰ ਨਾਲ ਹੈਲੀਕਾਪਟਰ ’ਤੇ ਗੋਲੀਆਂ ਚਲਾਈਆਂ। ਜਿਸ ਨਾਲ ਹੈਲੀਕਾਪਟਰ ਸਿੰਘਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ ਤੇ ਮੰਡ ਇਲਾਕੇ ਦੀ ਝੱਲ ਵਿਚ ਡਿੱਗ ਪਿਆ। ਹੈਲੀਕਾਪਟਰ ਦੇ ਪਾਇਲਟ ਸਮੇਤ ਸੁਰੱਖਿਆ ਅਫ਼ਸਰ ਵੀ ਮਾਰੇ ਗਏ। ਘੇਰਾ ਪਈ ਸੁਰੱਖਿਆ ਬਲਾਂ ਵਿਚੋਂ ਹੈਲੀਕੈਪਟਰ ਦਾ ਸਹਾਇਤਾ ਲਈ ਕੋਈ ਨਾ ਪਹੁੰਚਿਆ। ਦੂਜੇ ਹੈਲੀਕਾਪਟਰ ਦਾ ਪਾਇਲਟ ਸਿੰਘਾਂ ਦੀ ਮਾਰ ਤੋਂ ਉਹਲਾ ਕਰ ਕੇ ਹੀ ਪਾਸੇ ਉਡਾਣ ਭਰ ਕੇ ਟਾਈਮ ਲੰਘਾਉਂਦਾ ਰਿਹਾ। ਸਿੰਘ ਰਾਤ ਦੇ ਹਨੇਰੇ ਵਿਚ ਮੰਡ ਇਲਾਕੇ ਵਿਚੋਂ ਨਿਕਲ ਗਏ। ਪੁਲਿਸ ਤੇ ਸੀ.ਆਰ.ਪੀ. ਨੇ ਮੰਡ ਦਰਿਆ ਵਿਚਲੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਾਲ ਡੰਗਰ ਚਾਰਨ ਵਾਲੇ ਵਾਗੀਆਂ ਨੂੰ ਫੜ ਲਿਆ ਗਿਆ ਤੇ ਐਲਾਨ ਕੀਤਾ ਗਿਆ ਕਿ ਬ੍ਰਹਮੇ ਦੇ ਬਹੁਤ ਸਾਰੇ ਸਾਥੀ ਫੜ ਲਏ ਗਏ ਹਨ। 5 ਸਾਵਣ 1986 ਨੂੰ ਅਖ਼ਬਾਰਾਂ ਵਿਚ ਖ਼ਬਰ ਆਈ ਕਿ ਅੱਤਵਾਦੀਆਂ ਦਾ ਸਫ਼ਾਇਆ ਕਰਨ ਲਈ ਪੰਜਾਬ ਪੁਲਿਸ ਅਤੇ ਸੀ.ਆਰ.ਪੀ. ਦੇ ਸਾਂਝੇ ਮੰਡ ਅਪਰੇਸ਼ਨ ਦੌਰਾਨ ਇਕ ਹੈਲੀਕਾਪਟਰ ਉੱਚੇ ਦਰਖੱਤ ਨਾਲ ਟਕਰਾ ਕੇ ਡਿੱਗ ਪਿਆ, ਜਿਸ ਨਾਲ ਪਾਇਲਟ ਸਮੇਤ ਉੱਚ ਸੁਰੱਖਿਆ ਅਧਿਕਾਰੀ ਵੀ ਮਾਰੇ ਗਏ। ਖ਼ਤਰਨਾਕ ਅੱਤਵਾਦੀ ਅਵਤਾਰ ਸਿੰਘ ਬ੍ਰਹਮਾ ਦੇ ਬਹੁਤ ਸਾਰੇ ਸਾਥੀ ਮੰਡ ਅਪਰੇਸ਼ਨ ਦੌਰਾਨ ਫੜੇ ਗਏ ਹਨ। ਅਵਤਾਰ ਸਿੰਘ ਬ੍ਰਹਮਾ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ। ਸੁਰੱਖਿਆ ਫ਼ੋਰਸਾਂ ਇਲਾਕੇ ਦੀ ਘੇਰਾਬੰਦੀ ਕਰ ਕੇ ਅਵਤਾਰ ਸਿੰਘ ਬ੍ਰਹਮਾ ਦੀ ਭਾਲ ਕਰ ਰਹੀਆਂ ਹਨ।
ਭਾਈ ਮਨਿੰਦਰ ਸਿੰਘ ਬਾਜਾ






