ਜਥੇਦਾਰੀ ਦੀ ਰਟ ਛੱਡੋ, ਬਠਿੰਡੇ ਕੋਠੀ ਪਾ ਦਿੰਦੇ ਆਂ

Aug 9th, 2008 | By jagdeep | Category: Editorials (ਸੰਪਾਦਕੀ)

ਜਥੇਦਾਰ ਵੇਦਾਂਤੀ ਦੀ ਜ਼ਬਰੀ ਛੁੱਟੀ ਦੇ ਮਾਮਲੇ ‘ਤੇ ਅਕਾਲੀ ਹਾਈਕਮਾਂਡ ਅਤੇ ਸ਼੍ਰੋਮਣੀ ਕਮੇਟੀ ਲਈ ‘ਧਰਮ ਸੰਕਟ‘ ਵਰਗੀ ਸਥਿਤੀ ਪੈਦਾ ਹੋ ਗਈ ਹੈ। ਧੱਕੇ ਨਾਲ ‘ਜਥੇਦਾਰੀ‘ ਖੋਹਣ ਤੋਂ ਰੋਹ ‘ਚ ਆਏ ਜਥੇਦਾਰ ਵੇਦਾਂਤੀ ਦੇ ਬਾਦਲ ਦਲ ਵਿਰੁੱਧ ਹੋਏ ਤਿੱਖੇ ਤੇਵਰ ਅਕਾਲੀ ਹਾਈਕਮਾਂਡ ਲਈ ‘ਗਲੇ ਦੀ ਹੱਡੀ‘ ਬਣੇ ਹੋਏ ਹਨ। ਜਥੇਦਾਰ ਵੇਦਾਂਤੀ ਨੂੰ ਬੋਚਣ ਲਈ ਬਾਦਲ ਵਿਰੋਧੀ ਪੰਥਕ ਧਿਰਾਂ ਦੀ ਸਫ਼ਬੰਦੀ ਵੀ ਜ਼ੋਰਾਂ ‘ਤੇ ਚੱਲ ਰਹੀ ਹੈ।
ਅਕਾਲੀ ਹਾਈਕਮਾਂਡ ਵੱਲੋਂ ਵੇਦਾਂਤੀ ਨੂੰ ਵਰ੍ਹਾਉਣ ਲਈ ਬਠਿੰਡੇ ਕੋਠੀ ਪਾ ਕੇ ਦੇਣ ਵਰਗੀਆਂ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਵਿਰੋਧੀਆਂ ਦੀ ਬੁੱਕਲ ‘ਚ ਵੜ੍ਹ ਕੇ ਕਿਧਰੇ ਗਿਆਨੀ ਵੇਦਾਂਤੀ ਬਾਦਲ ਪਰਿਵਾਰ ਲਈ ਕੋਈ ਵੱਡਾ ਸੰਕਟ ਪੈਦਾ ਨਾ ਕਰ ਦੇਣ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਬਾਦਲ ਵਿਰੋਧੀ ਪੰਥਕ ਧਿਰਾਂ ਗਿਆਨੀ ਵੇਦਾਂਤੀ ਨੂੰ ਆਪਣੇ ਪਾਲੇ ਵਿਚ ਕਰਨ ਲਈ ਪੂਰੀ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ। ਸੂਤਰਾਂ ਅਨੁਸਾਰ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਗਿਆਨੀ ਵੇਦਾਂਤੀ ਨੂੰ ਗੱਲਬਾਤ ਲਈ ਸੁਨੇਹਾ ਭੇਜਿਆ ਗਿਆ ਸੀ। ਦੇਸ਼-ਵਿਦੇਸ਼ ਦੀਆਂ ਪੰਥਕ ਧਿਰਾਂ ਗਿਆਨੀ ਵੇਦਾਂਤੀ ਨੂੰ ਆਪਣੇ ਕਲਾਵੇ ਵਿਚ ਲੈ ਕੇ ਬਾਦਲ ਦੇ ਕਿਲ੍ਹੇ ਵਿਚ ਸੰਨ੍ਹ ਲਾਉਣ ਦੀ ਤਾਕ ‘ਚ ਹਨ। ਵੇਦਾਂਤੀ ਨੂੰ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ਦੇ ਗਰਮ ਖਿਆਲੀ ਪੰਥਕ ਸੰਗਠਨਾਂ ਦੇ ਫੋਨ ਆ ਰਹੇ ਹਨ, ਜੋ ਉਨ੍ਹਾਂ ਨੂੰ ਨਿਰਾਸ਼ਾ ਦੇ ਆਲਮ ‘ਚ ਹੌਂਸਲਾ ਦੇ ਰਹੇ ਹਨ।
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਾਦਲ ਕੈਂਪ ਨੂੰ ਨੁਕਸਾਨ ਪਹੁੰਚਾਉਣ ਲਈ ਵੇਦਾਂਤੀ ਤੋਂ ਕਈ ਅਹਿਮ ਖੁਲਾਸੇ ਕਰਵਾਉਣਾ ਚਾਹੁੰਦੇ ਹਨ, ਜੋ ਅਕਾਲ ਤਖ਼ਤ ਸਾਹਿਬ ‘ਤੇ ਬਾਦਲ ਦਲ ਦੀ ਸਿੱਧੇ ਦਖ਼ਲ ਦੀ ਪੁਸ਼ਟੀ ਕਰਦੇ ਹੋਣ।
ਉੱਧਰ ਹਿਊਮਨ ਰਾਈਟਸ ਯੂਕੇ ਦੇ ਚੇਅਰਮੈਨ ਜਸਬੀਰ ਸਿੰਘ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਨੋਟਿਸ ਭੇਜ ਕੇ ਚੁਣੌਤੀ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਐਕਟ 1925 ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਕੋਈ ਅਧਿਕਾਰ ਨਹੀਂ ਰੱਖਦੀ। ਉਨ੍ਹਾਂ ਨੋਟਿਸ ਵਿਚ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰ ਪ੍ਰਭੂਸੱਤਾ ਬਹਾਲ ਕਰਨੀ ਚਾਹੀਦੀ ਹੈ। ਉੱਧਰ ਵਿਰੋਧੀ ਪੰਥਕ ਸੰਗਠਨਾਂ ਦੀ ਸਰਗਰਮੀ ਤੋਂ ਪਿੱਛੋਂ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੱਖ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਰਾਹੀਂ ਗਿਆਨੀ ਵੇਦਾਂਤੀ ਨੂੰ ਕਈ ਲੁਭਾਉਣੀਆਂ ਪੇਸ਼ਕਸ਼ਾਂ ਵੀ ਕੀਤੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਡਾ. ਚੀਮਾ ਅਤੇ ਸ੍ਰ. ਮੱਕੜ ਨੇ ਗਿਆਨੀ ਵੇਦਾਂਤੀ ਨੂੰ ਅਕਾਲੀ ਸੁਪਰੀਮੋ ਵੱਲੋਂ ਬਠਿੰਡਾ ‘ਚ ਆਲੀਸ਼ਾਨ ਕੋਠੀ ਲੈ ਕੇ ਦੇਣ ਅਤੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਟੀਕਾ ਖੋਜ ਕੇਂਦਰ ਨਾਂ ਦੀ ਸੰਸਥਾ ਬਣਾ ਕੇ ਡਾਇਰੈਕਟਰ ਲਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਅਕਾਲੀ ਸੁਪਰੀਮੋ ਦੇ ਆਦੇਸ਼ਾਂ ‘ਤੇ ਜਥੇਦਾਰ ਮੱਕੜ ਨੇ ਜਥੇਦਾਰ ਵੇਦਾਂਤੀ ਨੂੰ ਇਹ ਵੀ ਕਿਹਾ ਹੈ ਕਿ ‘ਸਰਕਾਰ ਅਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਲਈ ਹੋਰ ਵੀ ਸੋਚ ਰਹੀ ਹੈ। ਜਥੇਦਾਰ ਮੱਕੜ ਨੇ ਜਥੇਦਾਰ ਵੇਦਾਂਤੀ ਨੂੰ ਵੀ ਸਰਕਾਰੀ ਗੱਡੀ ਦੇਣ ‘ਤੇ ਪੂਰੀ ਸੁਰੱਖਿਆ ਛੱਤਰੀ ਪਹਿਲਾਂ ਵਾਂਗ ਬਹਾਲ ਰੱਖਣ ਦਾ ਵੀ ਲਾਲਚ ਦਿੱਤਾ ਹੈ। ਇਹ ਸਾਰੀਆਂ ਪੇਸ਼ਕਸ਼ਾਂ ਬੀਤੇ ਕੱਲ੍ਹ ਗਿਆਨੀ ਵੇਦਾਂਤੀ ਦੇ ਅੰਮ੍ਰਿਤਸਰ ਘਰ ਵਿਖੇ ਡਾ. ਦਲਜੀਤ ਸਿੰਘ ਚੀਮਾ ਅਤੇ ਜਥੇਦਾਰ ਮੱਕੜ ਵੱਲੋਂ ਕੀਤੀ ਮੁਲਾਕਾਤ ਮੌਕੇ ਕੀਤੀਆਂ ਗਈਆਂ ਹਨ।
ਸੂਤਰਾਂ ਨੇ ਇਹ ਵੀ ਦੱØਸਿਆ ਹੈ ਕਿ ਜਦੋਂ ਜਥੇਦਾਰ ਮੱਕੜ ਤੇ ਡਾ. ਚੀਮਾ ਗਿਆਨੀ ਵੇਦਾਂਤੀ ਨੂੰ ਮਿਲਣ ਪਿੱਛੋਂ ਵਾਪਸ ਚੱਲੇ ਸਨ ਤਾਂ ਗਿਆਨੀ ਵੇਦਾਂਤੀ ਦੀ ਪਤਨੀ ਨੇ ਜਥੇਦਾਰ ਮੱਕੜ ਨਾਲ ਆਏ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਨੂੰ ਤਾਂ ਇਥੋਂ ਤੱਕ ਆਖ ਦਿੱਤਾ ਕਿ ਪਹਿਲਾਂ ਤੁਸੀਂ ਮੁੰਡੇ ਮਰਵਾਤੇ ਹੁਣ ਤੁਸੀਂ ਜਥੇਦਾਰਾਂ ਨੂੰ ਕਤਪੁਤਲੀਆਂ ਬਣਾ ਕੇ ਮਿੱਟੀ ਵਿਚ ਰੋਲ ਰਹੇ ਹੋ। ਜਥੇਦਾਰ ਵੇਦਾਂਤੀ ਦੀ ਪਤਨੀ ਨੇ ਤਾਂ ਮਹਿਤਾ ਨੂੰ ਇਥੋਂ ਤੱਕ ਆਖ਼ ਦਿੱਤਾ ਕਿ ”ਉਹ ਬੀਤੇ ਸੋਮਵਾਰ ਦੀ ਰਾਤ ਨੂੰ ਵੇਦਾਂਤੀ ਦਾ ਧੱਕੇ ਨਾਲ ਅਸਤੀਫ਼ਾ ਲੈਣ ਲਈ ਬੰਦ ਕਮਰੇ ਵਿਚ ਅਸਾਲਟਾਂ ਵਾਲਿਆਂ ਦੀਆਂ ਧਮਕੀਆਂ ਦਿੰਦਾ ਸੀ। ਜੇਕਰ ਹੁਣ ਵੀ ਕੋਈ ਕਸਰ ਬਾਕੀ ਹੈ ਤਾਂ ਉਹ ਹੋਰ ਵੀ ਕੁਝ ਲਿਖਾ ਕੇ ਲੈ ਜਾਵੇ।‘‘ ਇਸ ‘ਤੇ ਮਹਿਤਾ ਚੁੱਪ ਹੀ ਰਹੇ।
ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਨਿੱਜੀ ਸਹਾਇਕ ਪ੍ਰਿਥੀਪਾਲ ਸਿੰਘ ਸੰਧੂ ਨੇ ਇਹ ਮੰਨਿਆ ਹੈ ਕਿ ਗਿਆਨੀ ਵੇਦਾਂਤੀ ਨੂੰ ਬਾਦਲ ਕੈਂਪ ਵੱਲੋਂ ਕਈ ਪੇਸ਼ਕਸ਼ਾਂ ਆਈਆਂ ਹਨ, ਪਰ ਜਥੇਦਾਰ ਵੇਦਾਂਤੀ ਨੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ। ਵੇਦਾਂਤੀ ਦੀ ਪਤਨੀ ਵੱਲੋਂ ਰਜਿੰਦਰ ਸਿੰਘ ਮਹਿਤਾ ਨੂੰ ਖਰੀਆਂ ਸੁਣਾਉਣ ਸਬੰਧੀ ਪੁੱਛਣ ‘ਤੇ ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਉਸ ਵੇਲੇ ਉਹ ਅੰਦਰ ਗਿਆਨੀ ਵੇਦਾਂਤੀ ਕੋਲ ਸਨ ਅਤੇ ਮਹਿਤਾ ਅੰਦਰੋਂ ਬਾਹਰ ਨਿਕਲ ਚੁੱਕੇ ਸਨ। ਜਦੋਂ ਰਜਿੰਦਰ ਸਿੰਘ ਮਹਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਗਿਆਨੀ ਵੇਦਾਂਤੀ ਨੂੰ ਮਿਲਣ ਗਏ ਸਨ, ਉਹ ਵੇਦਾਂਤੀ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਹੀਂ ਜਾਣਦੇ।

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.