ਕਿਉਂ ਧੱਕੇ ਮਾਰ ਕੇ ਘਰੀਂ ਤੋਰਦੇ ਹਨ ਸਿੱਖ ਆਪਣੇ ਲੀਡਰਾਂ ਨੂੰ?
Aug 13th, 2008 | By jagdeep | Category: Articles (ਲੇਖ), Editorials (ਸੰਪਾਦਕੀ)ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਬਾਓ ਪਾ ਕੇ ਜਿਸ ਢੰਗ ਨਾਲ ਜ਼ਬਰਦਸਤੀ ਅਸਤੀਫਾ ਲਿਆ ਹੈ, ਉਸ ਦੀ ਸਿੱਖ ਜਗਤ ਵਿਚ ਕਾਫੀ ਨੁਕਤਾਚੀਨੀ ਹੋਈ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਦਾ ਇਹ ਦਾਅਵਾ ਕਿ ਵੇਦਾਂਤੀ ਜੀ ਨੇ ਖੁਦ ਆਪਣੀ ਮਰਜ਼ੀ ਨਾਲ ਸਿਹਤ ਖਰਾਬ ਹੋਣ ਕਾਰਨ ਅਸਤੀਫਾ ਦਿਤਾ ਹੈ, ਨੂੰ ਮੰਨਣ ਲਈ ਕੋਈ ਵੀ ਤਿਆਰ ਨਹੀਂ।ਅਕਾਲ ਤਖ਼ਤ ਸਾਹਿਬ,ਜਿਸ ਨੂੰ ਸਿੱਖਾਂ ਦਾ ਸਰਬ-ਉਚ ਅਸਥਾਨ ਮੰਨਿਆ ਜਾਂਦਾ ਹੈ, ਦੇ ਜੱਥੇਦਾਰ ਨੂੰ ਇਸ ਅਪਮਾਣਿਤ ਢੰਗ ਨਾਲ ਅਹੁਦੇ ਤੋਂ ਹਟਾਉਣਾ ਸਾਰੇ ਸਿੱਖ-ਪੰਥ ਲਈ ਸੋਚਣ ਵਾਲੀ ਗਲ ਹੈ।
ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵਾਲੇ ਦਿਨ 23 ਨਵੰਬਰ 2005 ਨੂੰ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਅਵਤਾਰ ਸਿੰਘ ਮੱਖੜ ਨਵੇਂ ਪ੍ਰਧਾਨ ਚੁਣੇ ਗਏ, ਸਮਾਗਮ ਦੀ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ-ਕਰਦਿਆਂ “ਪ੍ਰਧਾਨ” ਤੋਂ “ਸਾਬਕਾ ਪ੍ਰਧਾਨ” ਬਣੀ ਬੀਬੀ ਜਗੀਰ ਕੌਰ ਨੇ ਕਿਹਾ, “ਘਰ ਭੇਜਣ ਸਮੇਂ ਪ੍ਰਧਾਨ ਨੂੰ ਘਟੋ ਘੱਟ ਸਿਰੋਪਾ ਤਾਂ ਦੇ ਦੇਣਾ ਚਾਹੀਦਾ ਹੈ।” ਬੜਾ ਹੀ ਦਰਦ ਛੁਪਿਆ ਹੈ ਇਸ ਇਕ ਲਾਈਨ ਵਾਲੇ ਵਾਕ ਵਿਚ, ਜੇ ਕਹੀਏ ਕਿ ਇਨ੍ਹਾਂ ਸ਼ਬਦਾਂ ਵਿਚ ਅਕਾਲੀ ਦਲ ਦੇ ਇਤਿਹਾਸ ਦਾ ਇਕ ਦੁਖਦਾਈ ਪਹਿਲੂ ਛੁਪਿਆ ਹੈ, ਤਾਂ ਅਤਿ ਕਥਨੀ ਨਹੀਂ ਹੋਏਗੀ।ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕਰਦਿਆ,ਇਸ ਪੱਤਰਕਾਰ ਨੇ ਸ੍ਰੀ ਮੱਕੜ ਦੇ ਭਰਾ ਸ੍ਰੀ ਮਨੋਹਰ ਸਿੰਘ ਮੱਕੜ ਤੇ ਸ੍ਰੀ ਅੱਤਰ ਸਿੰਘ ਮੱਕੜ ਅਤੇ ਭਾਣਜੇ ਸ੍ਰੀ ਹਰਭਜਨ ਸਿੰਘ ਡੰਗ ਨੂੰ ਸਲਾਹ ਦਿਤੀ ਸੀ ਕਿ ਕਿਸੇ ਦਿਨ ਬੀਬੀ ਜਗੀਰ ਕੌਰ ਨੂੰ ਇਥੇ ਬੁਲਾ ਕੇ ਇਕ ਸਾਧਾਰਣ ਸਮਾਗਮ ਦੌਰਾਨ ਚਾਹ ਦਾ ਇਕ ਕੱਪ ਪਿਆ ਕੇ ਸਿਰੋਪਾਓ ਬਖ਼ਸ਼ਿਸ਼ ਕਰ ਕੇ ਸਨਮਾਨ ਕਰ ਕੇ ਇਕ ਨਵੀਂ ਪ੍ਰਥਾ ਸ਼ੁਰੁ ਕਰੋ।ਉਨ੍ਹਾਂ ਇਸ ਸੁਝਾਅ ਨੂੰ ਬਹੁਤ ਪਸੰਦ ਕੀਤਾ ਸੀ ਪਰ ਹੋਇਆ ਕੁਝ ਵੀ ਨਹੀਂ।ਹੋ ਸਕਦਾ ਹੈ ਕਿਸੇ ਦਿਨ ਸ੍ਰੀ ਮੱਕੜ ਨੂੰ ਵੀ ਇਹੋ ਜਿਹੇ ਸ਼ਬਦ ਕਹਿਣੇ ਪੈਣ।
ਜੇ ਧਿਆਨ ਨਾਲ ਅਕਾਲੀ ਦਲ ਦੇ ਇਤਿਹਾਸ ਦਾ ਅਧਿਐਨ ਕੀਤਾ ਜਾਏ ਤਾਂ ਇਹ ਕੌੜੀ ਹਕੀਕਤ ਸਾਹਮਣੇ ਆ ਹੀ ਜਾਂਦੀ ਹੈ ਕਿ ਸਿੱਖ ਆਪਣੇ ਨਾਇਕ ਜਾਂ ਲੀਡਰਾਂ ਨੂੰ ਜਾਂ ਤਾਂ ਸਿਰ ਅੱਖਾਂ ਉਤੇ ਬਿੱਠਾ ਲੈਂਦੇ ਹਨ ਜਾਂ ਧੱਕੇ ਮਾਰ ਮਾਰ ਕੇ ਜਾਂ ਅਪਮਾਨਿਤ ਕਰਕੇ ਕੱਢ ਦਿੰਦੇ ਹਨ।ਆਪਣੀ ਜ਼ਿੰਦਗੀ ਵਿਚ ਇਸ ਪੱਤਰਕਾਰ ਨੂੰ ਲਗਭਗ 21 ਵਰ੍ਹੇ ਪ੍ਰਸਿੱਧ ਚਿੱਤਰਕਾਰ ਸ. ਸੋਭਾ ਸਿੰਘ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਵਧੇਰੇ ਕਰ ਕੇ ਸਿੱਖ ਇਤਿਹਾਸ ਨੂੰ ਚਿੱਤਰਿਆ। ਆਪਣੀ ਜ਼ਿੰਦਗੀ ਦੇ ਜਵਾਨੀ ਦੇ ਦਿਨਾਂ ਵਿਚ ਉਹ ਕਈ ਸਾਲ ਅੰਮ੍ਰਿਤਸਰ ਰਹੇ ਅਤੇ ਭਾਈ ਵੀਰ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਦੇ ਸੰਪਰਕ ਵਿਚ ਆਏ। ਇਨ੍ਹਾਂ ਦੋ ਪੰਥਕ ਵਿਦਵਾਨਾਂ ਨੇ ਹੀ ਇਸ ਚਿੱਤਰਕਾਰ ਨੂੰ ਸਿੱਖ ਇਤਿਹਾਸ ਨੂੰ ਚਿਤਰਣ ਲਈ ਪ੍ਰੇਰਿਆ ਸੀ। ਦੋਵੇਂ ਵਿਦਵਾਨਾਂ ਦੀ ਸੰਗਤ ਅਤੇ ਪ੍ਰੇਰਨਾ ਨਾਲ ਚਿੱਤਰਕਾਰ ਸੋਭਾ ਸਿੰਘ ਨੇ ਵੀ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਸੀ। ਉਹ ਕਿਹਾ ਕਰਦੇ ਸਨ ਕਿ ਇਕ ਗੁਰਸਿੱਖ ਦਾ ਚਰਿੱਤਰ ਇਕ ਸ਼ੇਰ ਵਰਗਾ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰਾਂ ਦੀ ਕੌਮ ਬਣਾਈ। ਸ਼ੇਰ ਕਿਸੇ ਦੀ ਸਰਦਾਰੀ ਨਹੀਂ ਕਬੂਲਦਾ ਅਤੇ ਆਪਣੇ ਆਪ ਨੂੰ ਹੀ ਜੰਗਲ ਦਾ ਬਾਦਸ਼ਾਹ ਮੰਨਦਾ ਹੈ,ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ।ਸਿੱਖ ਆਪਣੇ ਲੀਡਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ ਅਤੇ ਅਕਸਰ ਮਨਮਰਜ਼ੀਆਂ ਕਰਦੇ ਹਨ।
ਚਿੱਤਰਕਾਰ ਸੋਭਾ ਸਿੰਘ ਕਦੀ-ਕਦੀ ਇਹ ਵੀ ਕਿਹਾ ਕਰਦੇ ਸਨ ਕਿ ਇੰਝ ਜਾਪਦਾ ਹੈ ਕਿ ਸਿੱਖ ਇਕ “ ਹੀਰੋ-ਹੇਟਿੰਗ” ਕੌਮ ਹੈ।ਉਹ ਆਪਣੇ ਨਾਇਕਾਂ ਤੇ ਮਹਾਨ ਸਖ਼ਸ਼ੀਅਤਾਂ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ ਪਰ ਮਰਨ ਉਪਰੰਤ ਉਨ੍ਹਾਂ ਦੀਆਂ ਬਰਸੀਆਂ ਮਨਾਉਂਦੇ ਹਨ। ਇਸ ਸਬੰਧੀ ਉਹ ਸਿੱਖ ਇਤਿਹਾਸ ਵਿਚੋਂ ਉਦਾਹਰਣਾਂ ਵੀ ਦਿਆ ਕਰਦੇ ਸਨ। ਇਸ ਪੱਤਰਕਾਰ ਨੂੰ ਉਸ ਸਮੇਂ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਸੀ ਆਉਂਦੀ ਅਤੇ ਨਾ ਹੀ ਸਿਆਸਤ ਦੀ ਬਹੁਤੀ ਸਮਝ ਸੀ, ਉਸ ਸਮੇਂ ਇਕ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਕਈ ਵਰ੍ਹੇ ਪਿੱਛੋਂ ਪਰਵੇਸ਼ ਕੀਤਾ।
ਕੁਦਰਤੀ ਪੱਤਰਕਾਰੀ ਦੇ ਪੇਸ਼ੇ ਦੌਰਾਨ ਇਸ ਪੱਤਰਕਾਰ ਨੂੰ ਬਹੁਤਾ ਸਮਾਂ ਅੰਮ੍ਰਿਤਸਰ, ਜੋ ਸਿੱਖ ਧਰਮ ਅਤੇ ਰਾਜਨੀਤੀ ਦੀ ਰਾਜਧਾਨੀ ਹੈ, ਵਿਖੇ ਤਾਇਨਾਤ ਰਹਿਣ ਦਾ ਮੌਕਾ ਮਿਲਿਆ।ਇਥੇ ਰਹਿੰਦਿਆਂ ਜਿੱਥੇ ਸਿੱਖ ਧਰਮ ਅਤੇ ਅਕਾਲੀ ਇਤਿਹਾਸ ਦਾ ਅਧਿਐਨ ਕੀਤਾ, ਉਥੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ਤੇ ਅਕਾਲੀ ਲੀਡਰਾਂ ਨਾਲ ਸਬੰਧ ਵੀ ਬਹੁਤ ਚੰਗੇ ਰਹੇ ਹਨ। 1978 ਤੋਂ ਹੁਣ ਤੱਕ ਦੇ ਸਾਰੇ ਸਿੰਘ ਸਾਹਿਬਾਨ ਨੂੰ ਵੀ ਬਹੁਤ ਨੇੜਿਓਂ ਦੇਖਿਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਚੰਗੇ ਸਬੰਧ ਰਹੇ। ਸੰਤ ਜੀ ਇਕ ਗੱਲ ਅਕਸਰ ਆਖਿਆ ਕਰਦੇ ਸਨ-“ਸਿੱਖ ਆਪਣੇ ਲੀਡਰਾਂ ਨੂੰ ਹਾਥੀ ਉਤੇ ਬਿਠਾ ਕੇ ਲਿਆਉਂਦੇ ਹਨ, ਗੱਧੇ ਉਤੇ ਬਿਠਾ ਕੇ ਘਰ ਨੂੰ ਤੋਰਦੇ ਹਨ।”
ਬਾਬਾ ਖੜਕ ਸਿੰਘ ਨੂੰ ਸਿੱਖਾਂ ਦਾ “ਬੇਤਾਜ ਬਾਦਸ਼ਾਹ” ਕਿਹਾ ਜਾਂਦਾ ਸੀ। ਉਹ ਵੀ ਅਕਾਲੀਆਂ ਦੀ ਆਪਸੀ ਲੜਾਈ ਤੋਂ ਦੁਖੀ ਹੋ ਕੇ ਕਾਂਗਰਸ ਵਿਚ ਚਲੇ ਗਏ ਸਨ। ਮਾਸਟਰ ਤਾਰਾ ਸਿੰਘ ਲਗਪਗ ਚਾਰ ਦਹਾਕੇ ਸਿੱਖ ਰਿਆਸਤ ਉਤੇ ਛਾਏ ਰਹੇ। ਅਕਾਲੀ ਦਲ ਦਾ ਪ੍ਰਧਾਨ ਹੋਣ ਤੋਂ ਬਿਨਾਂ ਕਈ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉਤੇ ਵੀ ਸੁਸ਼ੋਭਿਤ ਰਹੇ। ਉਨ੍ਹਾਂ ਨੂੰ ਆਮ ਸਿੱਖ ਸੰਗਤਾਂ ਵੱਲੋਂ “ਪੰਥ ਰਤਨ” ਦਾ ਖਿਤਾਬ ਵੀ ਦਿੱਤਾ ਗਿਆ। ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਵਿਚ ਖੱਜਲ ਖੁਆਰ ਕੀਤਾ ਗਿਆ। ਉਨ੍ਹਾਂ ਦੇ ਮੁਕਾਬਲੇ ਰਾਜਸਥਾਨ ਤੋਂ ਸੰਤ ਫਤਹਿ ਸਿੰਘ ਨੂੰ ਲਿਆ ਖੜ੍ਹਾ ਕੀਤਾ। ਪਹਿਲੀ ਵਾਰੀ ਅਕਾਲੀ ਦਲ ਵਿਚ ਜੱਟ ਤੇ ਗੈਰ-ਜੱਟ ਅਤੇ ਪੇਂਡੂ ਸਿੱਖ ਅਤੇ ਸ਼ਹਿਰੀ ਸਿੱਖ ਦਾ ਸਵਾਲ ਖੜ੍ਹਾ ਕੀਤਾ ਗਿਆ। ਚਾਰ ਦਹਾਕੇ ਸਿੱਖ ਸਿਆਸਤ ਉਤੇ ਛਾਏ ਰਹਿਣ ਵਾਲੇ ਅਤੇ “ਪੰਥ ਰਤਨ” ਦੀ ਉਪਾਧੀ ਨਾਲ ਸਨਮਾਨੇ ਜਾਣ ਵਾਲੇ ਇਸ ਮਹਾਨ ਲੀਡਰ ਨੇ ਆਪਣਾ ਆਖਰੀ ਸਾਹ ਇਕ ਸਧਾਰਨ ਅਕਾਲੀ ਵਜੋਂ ਲਿਆ।
ਐਮਰਜੈਂਸੀ ਖਤਮ ਹੋਣ ਪਿੱਛੋਂ ਅਕਾਲੀ ਦਲ, ਜਿਸ ਨੇ ਲੋਕਾਂ ਦੇ ਬੁਨਿਆਦੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਬਹਾਲੀ ਲਈ ਲਗਪਗ 19 ਮਹੀਨੇ ਮੋਰਚਾ ਚਲਾਇਆ ਸੀ, ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਨੂੰ “ਲੋਹ-ਪੁਰਸ਼” ਕਿਹਾ ਜਾਂਦਾ ਹੈ। ਲੁਧਿਆਣਾ ਵਿਖੇ ਅਕਤੂਬਰ 1978 ਵਿਚ ਹੋਈ ਦੋ-ਰੋਜ਼ਾ ਸਰਬ ਹਿੰਦ ਅਕਾਲੀ ਕਾਨਫਰੰਸ ਵਿਚ ਜਿੱਥੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ, ਕਾਨਫਰੰਸ ਦੇ ਪੰਡਾਲ ਭਾਈ ਰਣਧੀਰ ਸਿੰਘ ਨਗਰ ਵਿਖੇ ਹਾਥੀ ਉਤੇ ਬਿਠਾ ਕੇ ਇਕ ਸ਼ਾਨਦਾਰ ਜਲੂਸ ਦੀ ਸ਼ਕਲ ਵਿਚ ਲਿਆਂਦਾ ਗਿਆ ਸੀ। ਅਗਲੇ ਵਰ੍ਹੇ ਉਨ੍ਹਾਂ ਦੇ ਤਤਕਾਲੀਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮਤਭੇਦ ਹੋ ਗਏ। ਸ੍ਰੀ ਬਾਦਲ ਨੇ ਸਰਕਾਰੀ ਸ਼ਕਤੀ ਦਾ ਪੂਰਾ ਦੁਰਉਪਯੋਗ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹੁਣ ਦੇ ਯਤਨ ਆਰੰਭ ਕਰ ਦਿੱਤੇ ਅਤੇ ਆਖਰ 20 ਅਗਸਤ 1980 ਨੂੰ ਅਕਾਲੀ ਦਲ ਦਾ ਜਨਰਲ ਅਜਲਾਸ ਬੁਲਾ ਕੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨ ਚੁਣ ਲਿਆ, ਅਕਾਲੀ ਦਲ ਦੋਫਾੜ ਹੋ ਗਿਆ।
ਸੰਤ ਭਿੰਡਰਾਵਾਲਿਆਂ ਨੂੰ “ਸੰਤ ਸਿਪਾਹੀ” ਕਿਹਾ ਜਾਂਦਾ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫ਼ੌਜੀ ਹਮਲੇ ਦੌਰਾਨ “ਬਚ” ਕੇ ਨਿਕਲ ਜਾਣ ਦੀ ਇਕ ਦਮ ਝੂਠੀ ਤੇ ਨਿਰਾਧਾਰ ਅਫਵਾਹ ਫੈਲਾ ਕੇ ਉਨ੍ਹਾਂ ਦੇ ਹੀ ਸ਼ਰਧਾਲੂਆਂ ਨੇ ਉਨ੍ਹਾਂ ਦੀ “ਸ਼ਹਾਦਤ” ਨੂੰ ਮਿੱਟੀ ਵਿਚ ਰੋਲ ਦਿੱਤਾ। ਬਾਦਲ-ਟੌਹੜਾ ਦੇ ਮਤਭੇਦ ਹੋਣ ਪਿਛੋਂ ਪੱਚੀ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬੇਇੱਜਤ ਕਰਕੇ ਅਹੁਦੇ ਤੋਂ ਲਾਹ ਦਿੱਤਾ ਗਿਆ।16 ਮਾਰਚ 1999 ਨੂੰ ਬੇ-ਭਰੋਸਗੀ ਦਾ ਮਤਾ ਲਿਆਉਣ ਦੀ ਬਜਾਏ 15 ਮਾਰਚ ਸ਼ਾਮ ਨੂੰ ਦਿੱਤਾ ਗਿਆ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਸੀ।ਅਕਾਲ ਚਲਾਣੇ ਉਪਰੰਤ ਉਨ੍ਹਾਂ ਨੂੰ “ਪੰਥ ਰਤਨ” ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
ਸਿੱਖਾਂ ਵੱਲੋਂ ਕਦੀ ਭਾਈ ਰਣਜੀਤ ਸਿੰਘ ਦੀ “ਕੁਰਬਾਨੀ” ਤੇ “ਬਹਾਦਰੀ” ਦੀ ਸ਼ਲਾਘਾ ਕਰਦਿਆਂ “ਸੋਨੇ ਦੇ ਬਰਾਬਰ ਤੋਲਣ” ਦੀ ਗੱਲ ਚੱਲਦੀ ਸੀ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਕੇ ਮਾਣ ਬਖਸ਼ਿਆ। ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਇਕਜੁਟ ਹੋ ਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਪੰਜ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਇਕ ਹੁਕਮਨਾਮਾ ਜਾਰੀ ਕੀਤਾ ਕਿ 19 ਅਪਰੈਲ 1999 ਤੱਕ ਸਟੇਟਸ-ਕੋ ਰੱਖਿਆ ਜਾਏ। ਦੋਵੇਂ ਧਿਰਾਂ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਨਾ ਕਰਨ। ਬਾਦਲ ਸਾਹਿਬ ਨੇ ਭਾਈ ਰਣਜੀਤ ਸਿੰਘ ਨੂੰ ਵੀ ਇਕ ਕਲਰਕ ਵਾਂਗ ਬਰਖਾਸਤ ਕਰਵਾ ਦਿੱਤਾ। ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਉਂਦਿਆਂ ਹੀ ਸੱਭ ਤੋਂ ਪਹਿਲਾਂ ਕੰਮ ਸਕੱਤਰ ਸ੍ਰੀ ਸੁਰਜੀਤ ਸਿੰਘ ਨੂੰ ਬਰਖਾਸਤ ਕੀਤਾ।
ਬਾਦਲ-ਟੌਹੜਾ ਦੀ ਲੜਾਈ ਸਮੇਂ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸੀ ਕੁਲਵੰਤ ਸਿੰਘ ਰੰਧਾਵਾ ਨੇ ਜੇ ਸ੍ਰੀ ਬਾਦਲ ਦਾ ਡਟ ਕੇ ਸਾਥ ਨਾ ਦਿੱਤਾ ਹੁੰਦਾ ਤਾਂ ਆਪਣੀ ਸਾਰੀ ਸਰਕਾਰੀ ਸ਼ਕਤੀ ਦੇ ਬਾਵਜੂਦ ਉਹ ਜਥੇਦਾਰ ਟੌਹੜਾ ਨੂੰ ਇਤਨੀ ਆਸਾਨੀ ਨਾਲ ਨਾ ਲਾਹ ਸਕਦੇ। ਸ੍ਰੀ ਰੰਧਾਵਾ ਨੂੰ ਗੁਰਦੁਆਰਾ ਐਕਟ 1925 ਦੀ ਹਰ ਬਾਰੀਕੀ ਦਾ ਪੂਰਾ ਗਿਆਨ ਸੀ ਤੇ ਉਨ੍ਹਾਂ ਦੀ ਸਲਾਹ ਸਦਕਾ ਹੀ 10 ਫਰਵਰੀ ਨੂੰ ਭਾਰੀ ਰਣਜੀਤ ਸਿੰਘ ਨੂੰ ਮੁਅੱਤਲ ਕਰਕੇ ਗਿਆਨੀ ਪੂਰਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਅਤੇ ਫਿਰ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹਿਆ ਗਿਆ। ਸ੍ਰੀ ਸੁਰਜੀਤ ਸਿੰਘ ਦੀ ਥਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ। ਪੰਜ ਛੇ ਮਹੀਨੇ ਪਿੱਛੋਂ ਬੀਬੀ ਜਗੀਰ ਕੌਰ ਨੇ ਡਾ. ਗੁਰਬਚਨ ਸਿੰਘ ਬਚਨ ਨੂੰ ਪਹਿਲਾਂ ਰੰਧਾਵਾ ਉਤੇ ਓ.ਐਸ.ਡੀ. ਲਗਾ ਦਿੱਤਾ ਅਤੇ ਫਿਰ ਦੋ ਦਸੰਬਰ 1999 ਨੂੰ ਸਕੱਤਰ ਹੀ ਨਿਯੁਕਤ ਕਰ ਦਿੱਤਾ ਜਿਸ ਉਤੇ ਸ੍ਰੀ ਰੰਧਾਵਾ ਅਸਤੀਫਾ ਦੇ ਕੇ ਘਰ ਆ ਗਏ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਜੇ ਲੀਡਰਾਂ (ਨਵੇਂ ਪ੍ਰਧਾਨ) ਨੇ ਆਪਣੇ ਬੰਦੇ ਨਿਯੁਕਤ ਕਰਨੇ ਹਨ, ਜੰਮ ਜੰਮ ਕਰਨ ਪਰ ਪਹਿਲੇ ਅਧਿਕਾਰੀਆਂ ਨੂੰ ਧੱਕੇ ਮਾਰ ਕੇ ਤਾਂ ਨਾ ਕੱਢਣ। ਇਹੋ ਹਾਲ ਡਾ. ਬਚਨ ਦਾ ਹੋਇਆ, ਜਦੋਂ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਉਹ ਅੰਤ੍ਰਿੰਗ ਕਮੇਟੀ ਦੀ ਇਕ ਮੀਟਿੰਗ ਦੌਰਾਨ ਹੀ ਅਸਤੀਫਾ ਦੇ ਕੇ ਆ ਗਏ।ਸਿੱਖ ਵਿਦਵਾਨਾਂ ਦੀ ਸ਼੍ਰੋਮਣੀ ਕਮੇਟੀ,ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਤੇ ਹੋਰ ਸਿੱਖ ਜੱਥੇਬੰਦੀਆਂ ਵਲੋਂ ਅਕਸਰ ਮਾਨਤਾ ਵੀ ਨਹੀਂ ਦਿਤੀ ਜਾਂਦੀ,ਮਾਣ ਸਤਿਕਾਰ ਦੀ ਗਲ ਤਾਂ ਦੂਰ ਦੀ ਗਲ ਹੈ।ਡਾ.ਬਚਨ ਦਾ ਕਹਿਣਾ ਹੈ, “ਸਿੱਖ ਕਿਸੇ ਸੁੱਤੇ ਹੋਏ ਤੇ ਨਿਹੱਥੇ ਵਿਅਕਤੀ ਤੇ ਬਿਨਾ ਵੰਗਾਰੇ ਕਦੀ ਹਮਲਾ ਨਹੀਂ ਕਰਦੇ ਸਨ।ਖੁਦ ਆਪਣੇ ਪਾਸੋਂ ਬਰਾਬਰ ਦਾ ਹਥਿਆਰ ਦੇ ਕੇ,ਵੰਗਾਰ ਕੇ ਹਮਲਾ ਕਰਦੇ ਸਨ।ਅਜ ਦੇ ਲੀਡਰ ਪਹਿਲਾਂ ਪਤਿਆ ਕੇ ਨਿਹੱਥਾ ਕਰਦੇ ਹਨ ਤੇ ਫਿਰ ਬੇਧਿਆਨਾ ਕਰ ਕੇ ਹਮਲਾ ਕਰਦੇ ਹਨ।”
ਕੋਈ ਵੀ ਵਿਅਕਤੀ ਜੋ ਵੀ ਕੰਮ ਕਰਦਾ ਹੈ, ਉਸ ਵਿਚ ਉਸ ਤੋਂ ਕਦੀ ਨਾ ਕਦੀ ਗਲਤੀ ਹੋ ਜਾਂਦੀ ਹੈ। ਲੀਡਰ ਦੀ ਗਲਤੀਆਂ ਕਰਦੇ ਹਨ, ਸਗੋਂ ਕਈ ਵਾਰੀ ਆਪਣੇ ਨਿੱਜੀ ਹਿੱਤਾਂ ਲਈ ਬੜੀ ਵੱਡੀ ਗਲਤੀ ਕਰ ਦਿੰਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਦੀ ਸਾਰੀ ਕੌਮ ਜਾਂ ਪਾਰਟੀ ਨੂੰ ਭੁਗਤਣਾ ਪੈਂਦਾ ਹੈ। ਦੇਸ਼ ਵਿਚ ਹੋਰ ਵੀ ਅਨੇਕਾਂ ਪਾਰਟੀਆਂ ਹਨ। ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਹਨ। ਉਹ ਆਪਣੇ ਅਜਿਹੇ ਲੀਡਰਾਂ ਨੂੰ ਇਕ ਦਮ ਮੱਖਣ ‘ਚੋਂ ਵਾਲ ਵਾਂਗੂ ਕੱਢ ਕੇ ਸੁਟ ਨਹੀਂ ਦਿੰਦਆਂ। ਲੀਡਰ ਦੀ ਕਥਿਤ ਗਲਤੀ ਉਤੇ ਵਿਚਾਰ ਹੁੰਦੀ ਹੈ, ਉਸ ਦੀ ਜਵਾਬ ਤਲਬੀ ਹੁੰਦੀ ਹੈ ਜਾਂ ਪਾਰਟੀ ਦੀ ਹਾਈ ਕਮਾਂਡ ਦੁਆਰਾ ਵਿਚਾਰ ਵਿਟਾਂਦਰਾ ਕੀਤਾ ਜਾਂਦਾ ਹੈ।ਸਿੱਖਾਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਵੱਖ ਵੱਖ ਖੇਤਰਾਂ ਵਿਚ ਸੇਵਾ ਕਰ ਰਹੇ ਆਪਣੇ ਵਿਦਵਾਨਾਂ, ਬੁਧੀਜੀਵੀਆਂ, ਕਲਾਕਾਰਾਂ,ਚਿੱਤਰਕਾਰਾਂ,ਲੇਖਕਾਂ, ਪੱਤਰਕਾਰਾਂ ਆਦਿ ਦੀ ਵੀ ਜ਼ਰਾ ਕਦਰ ਨਹੀਂ।ਉਹ ਹਰ ਕਿਸੇ ਦੀ ਕੋਈ ਨਾ ਕੋਈ ਨੁਕਤਾਚੀਨੀ ਹੀ ਕਰਦੇ ਰਹਿੰਦੇ ਹਨ,ਉਨ੍ਹਾ ਦੇ ਤੁਰ ਜਾਣ ਪਿਛੋਂ ਹੀ ਉਨ੍ਹਾਂ ਦੀ ਕੀਮਤ,ਕਦਰ, ਮਹੱਤਤਾ ਦਾ ਪਤਾ ਲਗਦਾ ਹੈ।ਇਕ ਸਿੱਖ ਵਿਦਵਾਨ ਦਾ ਕਹਿਣਾ ਹੈ ਕਿ ਇਨ੍ਹਾਂ ਸਿੱਖ ਲੀਡਰਾਂ ਦਾ ਵਿਵਹਾਰ ਦੇਖ ਕੇ ਕਈ ਵਾਰੀ ਜੀਅ ਕਰਦਾ ਹੈ ਕਿ ਇਸਾਈ ਬਣ ਜਾਈਏ,ਉਥੇ ਸਾਡੀ ਕੱਦਰ ਤਾਂ ਹੋਏ ਗੀ। ਸਿੱਖ ਕਿਉਂ ਆਪਣੇ ਲੀਡਰਾਂ ਤੇ ਵਿਦਵਾਨਾਂ ਨਾਲ ਅਜੇਹਾ ਵਰਤਾਓ ਕਰਦੇ ਹਨ,ਕਿਉਂ ਆਪਣੇ ਲੀਡਰਾਂ ਨੂੰ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਹਨ, ਇਹ ਇਕ ਬੜਾ ਮਹੱਤਵਪੂਰਨ ਸਵਾਲ ਹੈ,ਇਸ ਬਾਰੇ ਸਿੱਖ ਵਿਦਵਾਨਾਂ ,ਬੁਧੀਜੀਵੀਆਂ, ਸਕਾਲਰਾਂ,ਪੱਤਰਕਾਰਾਂ ਆਦਿ ਵਿਚਾਰਵਾਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਇਕ ਖੁਲ੍ਹੀ ਬਹਿਸ ਕਰਵਾਉਣੀ ਚਾਹੀਦੀ ਹੈ।
ਹਰਬੀਰ ਸਿੰਘ ਭੰਵਰ







very good article