ਹਰ ਸ਼ਾਖ ਪੇ ਉਲੂੱ ਬੈਠੇ ਹੈ ਅੰਜ਼ਾਮੇ ਗੁਲਿਸਤਾਂ ਕਿਆ ਹੋਗਾ!!!
Aug 18th, 2008 | By jagdeep | Category: News (ਖ਼ਬਰਾਂ)*ਸਰਕਾਰੀ ਸਮਾਗਮਾਂ ’ਚ ਹੋ ਰਹੀ ਪੰਜਾਬੀ ਦੀ ਬੇਕਦਰੀ ਤੇ ਮਾਨ ਨੇ ਚਿੰਤਾ ਜਤਾਈ
* ਬਾਦਲ ਜੇ ਇਲਾਜ਼ ਕਰਵਾਉਣ ਤਾਂ ਸਾਰਾ ਖਰਚਾ ਸਾਡੀ ਪਾਰਟੀ ਕਰੇਗੀ।
(ਰਵਿੰਦਰ ਸਿੰਘ ਲਾਡੀ)- ਪੰਜਾਬ ਸਰਕਾਰ ਪੰਜਾਬੀ ਲਾਗੂ ਕਰਨ ਦੇ ਝੂਠੇ ਬਿਆਨ ਦੇ ਰਹੀ ਹੈ ਜੋ ਕਿ ਹਕੀਕਤ ਤੋਂ ਕੋਹਾਂ ਦੂਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰ. ਪ੍ਰਕਾਸ ਸਿੰਘ ਬਾਦਲ ਅਤੇ ਸਿੱਖਿਆ ਦੀ ਵਜੀਰ ਬੀਬੀ ਉਪਿੰਦਰਜੀਤ ਕੌਰ ਅਜਿਹਾ ਕਾਨੂੰਨ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ ਜਿਸ ਰਾਹੀਂ ਸਰਕਾਰੀ ਕੰਮਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਕੀਤਾ ਜਾਵੇਗਾ ਦੂਜੇ ਪਾਸੇ ਸਰਕਾਰ ਵੱਲੋਂ ਸਿਟੀ ਬੱਸ ਦੇ ਉਦਘਾਟਨ ਲਈ ਆਯੋਜਿਤ ਪ੍ਰੋਗਰਾਮ ’ਚ ਸਟੇਜ ਦੀ ਸਾਰੀ ਕਾਰਵਾਈ ਹਿੰਦੀ ਵਿੱਚ ਕੀਤੀ ਗਈ ਅਤੇ ਬੱਸਾਂ ਵਿੱਚ ਵੀ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲੀ ਤੇ ਮੋਟੇ-ਮੋਟੇ ਅੰਗ੍ਰੇਜ਼ੀ ਦੇ ਅੱਖਰਾਂ ਵਿੱਚ ਸਿਟੀ ਬੱਸ ਨੂੰ ਹਾਈ ਲਾਇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਧ ਨਲਾਇਕੀ ਕੀ ਹੋ ਸਕਦੀ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਵੀ ਅੰਗ੍ਰਜ਼ੀ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ 60 ਹਜ਼ਾਰ ਸਿੱਖਾਂ ਨੇ 1966 ’ਚ ਜੇਲ੍ਹਾਂ ਭਰ ਕੇ ਅਤੇ ਸਰਕਾਰ ਦੇ ਭਾਰੀ ਤਸ਼ੱਦਦ ਦਾ ਸਾਹਮਣਾ ਕਰਕੇ ਪੰਜਾਬੀ ਸੂਬਾ ਲਿਆ ਪਰ ਬਾਦਲ ਸਰਕਾਰ ਅਜੇ ਤੱਕ ਇਸ ਸੂਬੇ ਵਿੱਚ ਪੰਜਾਬੀ ਲਾਗੂ ਨਹੀਂ ਕਰਵਾ ਸਕੀ ਜੋ ਕਿ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ 17 ਅਗਸਤ ਦਾ ਦਿਨ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇ ਜਦ ਪੰਜਾਬ ਦੇ ਕਈ ਸੌ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਸਨ ਅਤੇ ਲੋਕਾਂ ਨੂੰ ਆਪਣੀ ਜਿੰਦਗੀ ਬਚਾਉਣ ਲਈ ਹੱਥਾਂ-ਪੈਰਾਂ ਦੀ ਪਈ ਹੋਈ ਸੀ ਪਰ ਸੂਬੇ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਆਪਣੀ ਅਯਾਸ਼ ਟੋਲੀ ਨਾਲ ਸਿੰਘ ਇਜ਼ ਕਿੰਗ ਫਿਲਮ ਦੇਖਣ ਦਾ ਲੁਤਫ ਉਠਾ ਰਹੇ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਬਿਆਨ ਦੇ ਰਿਹਾ ਹੈ ਕਿ ਕੈਪਟਨ ਦਾ ਸਰਕਾਰੀ ਖਰਚੇ ਤੇ ਇਲਾਜ਼ ਕਰਵਾਉਣਾ ਚਾਹੀਦਾ ਹੈ ਪਰ ਜੇ ਉਹ ਆਪਣੇ ਪਿਤਾ ਦਾ ਇਲਾਜ਼ ਕਰਵਾਉਣਾ ਚਾਹੁਣ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਸਾਰਾ ਖਰਚ ਸਹਿਣ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰ. ਬਾਦਲ ਨੂੰ ਸਲਾਹ ਦਿੰਦੇ ਹਾਂ ਕਿ ਉਹ ਕਿਸੇ ਵੀ ਚੰਗੇ ਮਨੋਰੋਗ ਡਾਕਟਰ ਕੋਲੋਂ ਇਲਾਜ਼ ਕਰਵਾਉਣ ਅਤੇ ਪੈਸੇ ਦੀ ਚਿੰਤਾ ਬਿਲਕੁਲ ਵੀ ਨਾ ਕਰਨ ਕਿਉਂਕਿ ਸਿੱਖਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅ) ’ਚ ਇੰਨੀ ਤਾਕਤ ਹੈ ਕਿ ਉਹ ਕਿਸੇ ਸਿਰਫਿਰੇ ਮੰਤਰੀ ਦਾ ਸਹੀ ਇਲਾਜ ਕਰਵਾ ਸਕਣ।
ਉਨ੍ਹਾਂ ਹਿੰਦੂ ਜੱਥੇਬੰਦੀਆਂ ਵੱਲੋਂ ਪਾਕਿ ਦਾ ਝੰਡਾ ਸਾੜੇ ਜਾਣ ਦੀ ਵੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਿਰਕੂ ਤਾਕਤਾਂ ਹਿੰਦ-ਪਾਕਿ ਦਾ ਮਾਹੌਲ ਫਿਰ ਤੋਂ ਖ਼ਰਾਬ ਕਰਨਾ ਚਾਹੁੰਦੀਆਂ ਹਨ ਤਾਂ ਕਿ ਇਸ ਰਾਹੀਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਕਿ ਸਾਡਾ ਸਾਰੇ ਸਿੱਖਾਂ ਦਾ ਇੱਕ ਚੰਗਾ ਮਿਤੱਰ ਹੈ ਅਤੇ ਉਸਦੇ ਰਾਸ਼ਟਰੀ ਝੰਡੇ ਦੀ ਬੇਇਜ਼ੱਤੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਸੀਂ ਇਨ੍ਹਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੇ ਗੁੰਡੇ ਜੰਮੂ ਤੋਂ ਤੁਰੰਤ ਵਾਪਿਸ ਬੁਲਾਉਣ ਅਤੇ ਮਾਹੌਲ ਨੂੰ ਸ਼ਾਂਤ ਕਰਨ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਇਸ ਖਿਲਾਫ ਸੜਕਾਂ ਤੇ ਉਤੱਰ ਆਵੇਗਾ।






