8 ਹੋਰ ਪਿੰਡ ਲਪੇਟੇ, ਤੀਜੇ ਦਿਨ ਵੀ ਧੁੱਸੀ ਪਾੜ ਜਿਉਂ ਦਾ ਤਿਉਂ
Aug 18th, 2008 | By jagdeep | Category: News (ਖ਼ਬਰਾਂ)
ਬਾਦਲ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਦੀ ਰਾਹਤ
ਫਿਰੋਜ਼ਪੁਰ ਤੋਂ ਗੁਰਿੰਦਰ, ਲਹਿਰਾ ਗਿੱਦੜਪਿੰਡੀ ਤੋਂ ਪਾਲ ਸਿੰਘ ਨੌਲੀ
ਦਰਿਆ ਸਤਲੁਜ ਵਿਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੰਘੇੜਾ ਨੇੜੇ ਧੁੱਸੀ ਬੰਨ੍ਹ ਵਿਚ ਪਿਆ ਪਾੜ ਪੂਰਨ ਵਿਚ ਭਾਰੀ ਦਿੱਕਤ ਪੇਸ਼ ਆ ਰਹੀ ਹੈ ਅਤੇ ਅੱਜ ਤੀਜਾ ਦਿਨ ਬੀਤ ਜਾਣ ‘ਤੇ ਅਤੇ ਸਥਾਨਕ ਲੋਕਾਂ, ਫੌਜ ਅਤੇ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੰਨ੍ਹ ਵਿਚ ਪਏ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ। ਜਦ ਕਿ ਦੂਸਰੇ ਪਾਸੇ ਦਰਿਆ ਦੇ ਪਾਣੀ ਨੇ ਅੱਜ ਵੀ ਆਪਣਾ ਕਹਿਰ ਜਾਰੀ ਰੱਖਿਆ ਅਤੇ ਜ਼ਿਲ੍ਹੇ ਦੇ ਕਰੀਬ 7-8 ਹੋਰ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਉੱਥੇ ਦੇਰ ਸ਼ਾਮ ਨੂੰ ਕਸਬਾ ਮੱਖੂ ਵਿਚ ਵੀ ਸੇਮ ਨਾਲੇ ਰਾਹੀਂ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਅੱਜ ਪਿੰਡ ਖੰਨਾ ਦੇ ਇੱਕ ਵਿਅਕਤੀ ਦੀ ਪਾਣੀ ਵਿਚ ਡੁੱਬ ਜਾਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਭਾਵੇਂ ਫੌਜ, ਸਿੰਚਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉੱਧਰ ਦੂਜੇ ਪਾਸੇ ਸਿੰਚਾਈ ਮੰਤਰੀ ਦੇ ਭਾਖੜਾ ਡੈਮ ਅਤੇ ਪਂੋਗ ਡੈਮ ਤੋਂ ਅੱਜ ਫਿਰ ਸਵਾ ਲੱਖ ਕਿਊਸਿਕ ਪਾਣੀ ਹੋਰ ਛੱਡਣ ਦੇ ਬਿਆਸ ਨਾਲ ਪਹਿਲਾਂ ਤੋਂ ਹੀ ਸਹਿਮੇ ਹੋਏ ਜ਼ਿਲ੍ਹੇ ਦੇ ਦਰਿਆ ਸਤਲੁਜ ਅਤੇ ਬਿਆਨ ਨੇੜਲੇ ਇਲਾਕਿਆਂ ‘ਚ ਵਸੇ ਲੋਕਾਂ ਵਿਚ ਹੋਰ ਡਰ ਪੈਦਾ ਹੋ ਗਿਆ ਹੈ।
ਪਿੰਡ ਕੁਸੂਵਾਲਾ ਤੋਂ ਅਕਬਰ ਵਾਲਾ ਅਤੇ ਅਤੇ ਮੁੰਡੀ ਛੁਰੀਮਾਰਾਂ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਿਸ਼ਤੀ ਰਾਹੀਂ ਦੌਰਾ ਕਰਨ ਤੋਂ ਬਾਅਦ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਪਹਾੜੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਅਤੇ ਪੋਂਗ ਡੈਮ ਵਿਚ ਪਾਣੀ ਬਹੁਤ ਜ਼ਿਆਦਾ ਵਧ ਗਿਆ ਹੈ, ਜਿਸ ਕਾਰਨ ਮਜਬੂਰਨ ਪਾਣੀ ਛੱਡਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦੇ ਨਾਜ਼ੁਕ ਸਥਾਨਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਬੰਨ੍ਹ ਨਜ਼ਦੀਕ ਖੇਤੀ ਕਰਦੇ ਕਿਸਾਨਾਂ ਵੱਲੋਂ ਪਾਈਪ ਪਾਉਣ ਅਤੇ ਬੰਨ੍ਹ ਨਾਲ ਬਣਾਏ ਕੁੱਪਾਂ ਵਿਚੋਂ ਗੋਹ ਵੱਲੋਂ ਮਾਰੇ ਖੱਡਿਆਂ ਕਾਰਨ ਜਲੰਧਰ ਦੇ ਪਿੰਡ ਗਿੱਦੜਪਿੰਡੀ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਕੋਲੋਂ ਇਹ ਬੰਨ੍ਹ ਟੁੱਟਿਆ ਹੈ, ਜਿਸ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀਆਂ ਦੇ ਹੁਕਮ ਦੇ ਦਿੱਤੇ ਹਨ ਅਤੇ ਇਸ ਹੜ੍ਹ ਨਾਲ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਮੁੱਖ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ, ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਬੀ ਐਸ ਸੂਦਨ, ਡਿਪਟੀ ਕਮਿਸ਼ਨਰ ਮੇਘ ਰਾਜ, ਐਸਐਸਪੀ ਦਿਨੇਸ਼ ਪ੍ਰਤਾਪ ਸਿੰਘ, ਏਡੀਸੀ (ਡੀ) ਐਚਐਸ ਪਾਬਲਾ ਸਮੇਤ ਸਿੰਚਾਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਤਹਿਸੀਲ ਦਫ਼ਤਰ ਮੱਖੂ ਵਿਖੇ ਗੱਲਬਾਤ ਦੌਰਾਨ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਭਾਖੜਾ ਅਤੇ ਪੋਂਗ ਡੈਮਾਂ ਵਿਚ ਪਾਣੀ ਵਧਣ ਕਾਰਨ ਅੱਜ ਪੋਗ ਡੈਮ ਤੋਂ 1 ਲੱਖ ਕਿਊਸਿਕ ਅਤੇ ਭਾਖੜਾ ਡੈਮ ਤੋਂ 21 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ, ਜੋ ਆਉਣ ਵਾਲੇ 4-5 ਦਿਨਾਂ ਤੱਕ ਹੋਰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਲਈ ਸਿੰਚਾਈ ਵਿਭਾਗ ਵੱਲੋਂ ਹੋਰ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਨਾਜ਼ੁਕ ਸਥਾਨਾਂ ‘ਤੇ ਬੰਨ੍ਹ ਨੂੰ ਹੋਰ ਮਿੱਟੀ ਪਾ ਕੇ ਸੁਰੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਪਾਣੀ ਵਿਚ ਡੁੱਬਣ ਕਾਰਨ 2 ਵਿਅਕਤੀਆਂ ਸਮੇਤ ਰਾਜ ਅੰਦਰ 5-6 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ 1-1 ਲੱਖ ਰੁਪਿਆ ਅਤੇ ਜਿਨ੍ਹਾਂ ਲੋਕਾਂ ਦੇ ਮਕਾਨ ਨੁਕਸਾਨੇ ਗਏ ਹਨ, ਨੂੰ 25-25 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਵਜੋਂ 4 ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਡਾਕਟਰ, ਵੈਟਨਰੀ ਡਾਕਟਰ, ਤਰਪਾਲਾਂ, ਪਸ਼ੂਆਂ ਲਈ ਚਾਰਾ ਤੇ ਟੈਂਟ ਆਦਿ ਉਪਲਬਧ ਕਰਵਾਏ ਜਾ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਦੀ ਟੀਮ ਵੱਲੋਂ ਧੁੱਸੀ ਬੰਨ੍ਹ ਦੇ ਕੀਤੇ ਦੌਰੇ ਦੌਰਾਨ ਇਹ ‘ਚ ਦੇਖਣ ਵਿਚ ਆਇਆ ਕਿ ਹੜ੍ਹ ਨਾਲ ਘਿਰੇ ਪਿੰਡਾਂ ਦੇ ਲੋਕ ਕਰੀਬ 10 ਕਿਲੋਮੀਟਰ ਲੰਬੇ ਧੁੱਸੀ ਬੰਨ੍ਹ ਅਤੇ ਫਿਰੋਜ਼ਪੁਰ-ਜਲੰਧਰ ਰੇਲ ਮਾਰਗ ‘ਤੇ ਆਪਣੇ ਪਰਿਵਾਰਾਂ ਅਤੇ ਮਾਲ ਡੰਗਰਾਂ ਸਮੇਤ ਦਿਨ ਕਟੀ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਹੜ੍ਹ ਪੀੜਤ ਲੋਕਾਂ ਨੂੰ ਭਾਵੇਂ ਪ੍ਰਸ਼ਾਸਨ ਵੱਲੋਂ ਖਾਣਾ ਆਦਿ ਭੇਜਿਆ ਜਾ ਰਿਹਾ ਹੈ ਪਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਇਸ ਮੌਕੇ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਪਸ਼ੂਆਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਉਧਰ ਧੁੱਸੀ ਬੰਨ੍ਹ ਵਿਚ ਪਏ ਪਾੜ ਕਾਰਨ ਵੱਧ ਰਹੇ ਪਾਣੀ ਨੇ ਅੱਜ ਅਮੀਵਾਲਾ, ਵਾਰਸ ਵਾਲਾ ਜੱਟਾਂ, ਨੰਗਲ, ਬਸਤੀ ਸੋਖੀਆਂ, ਸੂਦਾਂ ਤੇ ਮਲੰਗਸ਼ਾਹ ਵਾਲਾ ਆਦਿ ਪਿੰਡਾਂ ਨੂੰ ਆਪਣੀ ਲਪੇਟ ‘ਚ ਲੈ ਲੈਣ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਪਾਣੀ ਦੀ ਲਪੇਟ ‘ਚ ਆਉਣ ਵਾਲੇ ਪਿੰਡਾਂ ਦੀ ਗਿਣਤੀ 4 ਦਰਜਨ ਦੇ ਕਰੀਬ ਹੋ ਗਈ ਹੈ। ਅੱਜ ਦੇਰ ਸ਼ਾਮ ਵੱਧ ਰਹੇ ਪਾਣੀ ਨੇ ਪਿੰਡ ਸੂਦਾਂ ਤੋਂ ਮੋਗਾ-ਮਖੂ ਸੜਕ ‘ਤੇ ਸੀਵਰੇਜ ਦੇ ਸੇਮ ਨਾਲੇ ਰਾਹੀਂ ਮੱਖੂ ਕਸਬੇ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਨਾਲ ਪ੍ਰਸ਼ਾਸਨ ਨੇ ਮੱਖੂ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਚਲੇ ਜਾਣ ਲਈ ਕਹਿ ਦਿੱਤਾ ਹੈ।
ਉਧਰ ਗਿੱਦੜ ਪਿੰਡੀ ਨੇੜੇ ਸਤਲੁਜ ਦਰਿਆ ‘ਚ ਧੁੱਸੀ ਬੰਨ ‘ਚ ਆਏ ਪਾੜ ਨੂੰ ਤਿੰਨ ਦਿਨ ਬੀਤਣ ਦੇ ਬਾਅਦ ਵੀ ਬੰਨ ਬੰਨਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜਦ ਕਿ ਲੋਕਾਂ ਵੱਲੋਂ ਬੀਤੀ ਰਾਤ ਤੋਂ ਮਿੱਟੀ ਦੇ ਬੋਰਿਆਂ ਨਾਲ ਭਰੀਆਂ ਟਰਾਲੀਆਂ ਉੱਥੇ ਖੜੀਆਂ ਹਨ। ਲਗਭਗ 200 ਟਰਾਲੀ ਬੋਰਿਆਂ ਨਾਲ ਲੱਦੀ ਖੜੀ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਉਨ੍ਹਾਂ ਨੂੰ ਖਾਲੀ ਕੀਤਾ ਜਾਵੇ।
ਪ੍ਰਸ਼ਾਸਨ ਨੂੰ ਉੱਥੇ ਸਭ ਤੋਂ ਵੱਡੀ ਸਮੱਸਿਆ ਆ ਰਹੀ ਕਿ ਪਾੜ ਵਾਲੀ ਥਾਂ ‘ਤੇ ਟਰਾਲੀਆਂ ਕਿਵੇਂ ਲੈ ਜਾਈਆਂ ਜਾਣ, ਕਿਉਂਕਿ ਧੁੱਸੀ ਬੰਨ ‘ਤੇ ਜਾਣ ਲਈ ਰੇਲਵੇ ਲਾਈਨ ਤੋਂ ਲੰਘਣਾ ਔਖਾ ਹੈ ਤੇ ਦੂਜਾ ਧੁੱਸੀ ਬੰਨ੍ਹ ਤੋਂ ਟਰਾਲੀਆਂ ਦਾ ਮੋੜ ਕੱਟਣਾ ਔਖਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇੱਕ ਟਰੇਨ ਦਾ ਇੰਤਜਾਰ ਕਰ ਰਿਹਾ ਸੀ ਜਦ ਕਿ ਦੁਪਹਿਰ ਸਮੇਂ ਤਿੱਖੀ ਧੁੱਪ ‘ਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਪ੍ਰਮੁੱਖ ਸੇਵਾਦਾਰ ਸੰਤ ਸੁਖਜੀਤ ਸਿੰਘ ਨੇ ਰੇਲਵੇ ਲਾਈਨ ਤੋਂ ਟਰਾਲੀ ਲਿਆ ਕੇ ਤੇ ਧੁੱਸੀ ਬੰਨ ਤੋਂ ਵਾਪਸ ਦਰਵਾ ਕੇ ਡੀਸੀ ਤੇ ਐਸਐਸਪੀ ਨੂੰ ਵੀ ਦਿਖਾਈ। ਉਦੋਂ ਲੋਕਾਂ ਨੂੰ ਵੀ ਆਸ ਬੱਝ ਗਈ ਸੀ ਕਿ ਹੁਣ ਬੰਨ ਬੰਨਣ ਦਾ ਕੰਮ ਸ਼ੁਰੂ ਹੋ ਜਾਵੇਗਾ। ਪਰ ਡੀਸੀ ਅਜੀਤ ਸਿੰਘ ਪੰਨੂੰ ਨੇ ਸੰਤ ਸੁਖਜੀਤ ਨੂੰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਡੀਸੀ ਦੇ ਫੈਸਲੇ ਤੋਂ ਜ਼ਬਰਦਸਤ ਰੋਸ ਪ੍ਰਗਟਾਇਆ ਤੇ ਉਨ੍ਹਾਂ ਡੀਸੀ ਦੇ ਮੂੰਹ ‘ਤੇ ਕਿਹਾ ਕਿ ਡੀਸੀ ਸਾਨੂੰ ਡੋਬਣ ਆਇਆ ਹੈ ਕਿ ਬਚਾਉਣ! ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਮ ਤੱਕ ਵੀ ਬੰਨ੍ਹ ਬੰਨਣ ਦਾ ਕੰਮ ਸ਼ੁਰੂ ਕਰਨ ਬਾਰੇ ਲੋਕ ਬੜੇ ਆਸਵੰਦ ਸਨ ਪਰ ਚੌਥੇ ਦਿਨ ਵੀ ਸਥਿਤੀ ਜਿਉਂ ਦੀ ਤਿਉ ਬਣੀ ਰਹੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਤੱਕ ਇੱਕ ਟਰੇਨ ਪਹੁੰਚੀ ਸੀ ਜਿਸ ‘ਤੇ ਬੋਰੇ ਲੱਦਣ ਦਾ ਕੰਮ ਸ਼ੁਰੂ ਹੋ ਗਿਆ ਸੀ, ਪਰ ਰਾਤ ਪੈਣ ਕਾਰਨ ਬੰਨ ਬੰਨਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜਿਹੜੇ ਪਿੰਡ ਪਾਣੀ ‘ਚ ਡੁੱਬੇ ਪਏ ਹਨ, ਉਨ੍ਹਾਂ ਪਿੰਡਾਂ ਦੇ ਲੋਕਬੜੇ ਪ੍ਰੇਸ਼ਾਨ ਸਨ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਬਚਾਅ ਲਈ ਕੁਝ ਨਹੀਂ ਕਰ ਰਿਹਾ, ਕੁਝ ਲੋਕਾਂ ਨੇ ਤਾਂ ਡੀਸੀ ਵੱਲੋਂ ਪਏ ਗਏ ਫੈਸ਼ਨੇਬਲ ਕੱਪੜਿਆਂ ਬਾਰੇ ਵੀ ਟਿੱਪਣੀ ਕੀਤੀ ਕਿ ਲੋਕ ਹੜ੍ਹ ਨਾਲ ਪੀੜਤ ਹਨ ਤੇ ਡੀਸੀ ਸਾਹਿਬ ਇੰਝ ਫਿਰ ਰਹੇ ਹਨ ਜਿਵੇਂ ਕਿਸੇ ਫੈਸ਼ਨ ਮੇਲੇ ‘ਚ ਹਿੱਸਾ ਲੈਣ ਆਏ ਹੋਣ।
ਸੜਕਾਂ ‘ਤੇ ਰਾਤਾਂ ਬਤਾਉਣ ਲਈ ਮਜ਼ਬੂਰ ਹੋਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਅੱਜ ਵੀ ਪਾਣੀ ‘ਚ ਡੁੱਬੇ ਘਰਾਂ ਨੂੰ ਤਰਸਯੋਗ ਨਜ਼ਰਾਂ ਨਾਲ ਦੇਖ ਰਹੇ ਹਨ। ਲੋਕ ਹੈਰਾਨ ਸਨ ਕਿ ਦੋ ਕਿਲੋਮੀਟਰ ਲੰਬੀ ਲਾਈਨ ਟਰਾਲੀਆਂ ਦੀ ਲੱਗੀ ਹੋਈ ਹੈ ਜਿਨ੍ਹਾਂ ‘ਚ ਮਿੱਟੀਆਂ ਦੀ ਬੋਰੀਆਂ ਲੱਦੀਆਂ ਹੋਈਆਂ ਹਨ, ਪਰ ਅਜੇ ਤੱਕ ਪ੍ਰਸ਼ਾਸਨ ਹਰਕਤ ‘ਚ ਨਹੀਂ ਆਇਆ। ਪ੍ਰਸ਼ਾਸਨ ਨੇ ਟਰਾਲੀਆਂ ‘ਚੋਂ ਮਿੱਟੀ ਦੇ ਬੋਰੇ ਰੇਲ ਗੱਡੀ ‘ਚ ਲੱਦ ਕੇ ਧੁੱਸੀ ਬੰਨ੍ਹ ਦੇ ਨੇੜੇ ਲੈ ਕੇ ਜਾਣ ਲਈ 40-50 ਦੇ ਕਰੀਬ ਥ੍ਰੀਵੀਲਰ ਮੰਗਵਾਏ ਹੋਏ ਸਨ ਪਰ ਉਨ੍ਹਾਂ ਦੇ ਬੋਰੇ ਲੱਦਣ ਦੀ ਸਮਰੱਥਾ ਕਾਫ਼ੀ ਘੱਟ ਸੀ।
ਡੀਸੀ ਅਨੁਸਾਰ ਉਨ੍ਹਾਂ ਨੇ 250 ਦੇ ਕਰੀਬ ਪੁਲਿਸ ਦੇ ਜਵਾਨਾਂ ਨੂੰ ਵੀ ਸੱਦ ਲਿਆ ਪਰ ਉਨ੍ਹਾਂ ਉੱਥੇ ਟਹਿਲਣ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ ਜਦ ਕਿ ਇਲਾਕੇ ਦੇ ਲੋਕ ਪ੍ਰਸ਼ਾਸਨ ਦੀ ਮਦਦ ਉਂਝ ਹੀ ਕਰਨ ਨੂੰ ਤਿਆਰ ਹਨ।






