ਡੇਰਾ ਮੁੱਖੀ ਵਿਰੁੱਧ ਸ਼ੰਘਰਸ਼ ਵਿੱਚ ਸ਼ਹੀਦ ਸਿੱਖਾਂ ਦੇ ਪਰਿਵਾਰ ਸਨਮਾਨਿਤ
Aug 18th, 2008 | By jagdeep | Category: News (ਖ਼ਬਰਾਂ)ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਜਥੇਦਾਰ ਨੰਦਗੜ੍ਹ
ਡੇਰਾ ਸਿਰਸਾ ਮੁੱਖੀ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਮਹਾਨ ਸ਼ਹੀਦੀ ਸਮਾਗਮ ਅਨਾਜ ਮੰਡੀ ਵਿੱਚ ਕੀਤਾ ਗਿਆ। ਜਿਸ ਵਿੱਚ ਭਾਈ ਕੰਵਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ ਦੇ ਪਰਿਵਾਰਾਂ ਤੋਂ ਇਲਾਵਾ ਜੇਲ੍ਹ ਵਿੱਚ ਬੰਦ ਭਾਈ ਹੁਸ਼ਿਆਰ ਸਿੰਘ, ਬੀਬੀ ਪ੍ਰਵੀਨ ਕੌਰ, ਸਵਰਨ ਸਿੰਘ ਕੋਟ ਧਰਮੂ, ਸੁਰਿੰਦਰ ਸਿੰਘ ਪਟਿਆਲਾ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਕੌਮਾਂ ਕਦੇ ਵੀ ਤਰੱਕੀ ਨਹੀਂ ਕਰਦੀਆਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ। ਕੌਮ ਵਾਸਤੇ ਸ਼ਹੀਦ ਹੋਣ ਵਾਲੇ ਅਮਰ ਹੋ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਡੇਰਾ ਮੁੱਖੀ ਵਿਰੁੱਧ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਸਾਡੇ ਸ਼ਬਦ ਗੁਰੂ ’ਤੇ ਹਮਲਾ ਕਰਕੇ ਸਾਡੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਅਤੇ ਸਿੱਖ ਜਥੇਬੰਦੀਆਂ ਇਸਦੇ ਜੇਲ੍ਹ ਜਾਣ ਤੱਕ ਸੰਘਰਸ਼ ਜਾਰੀ ਰੱਖਣਗੀਆਂ।
ਭਾਵੇਂ ਸਰਕਾਰਾਂ ਨੇ ਇਸ ਦੀ ਪੁਸ਼ਤਪਨਾਹੀ ਕੀਤੀ ਹੋਈ ਹੈ। ਇਸ ਨੂੰ ਹੋਰ ਸੁਰੱਖਿਆ ਦਿੱਤੀ ਹੋਈ ਹੈ। ਇਹ ਸਰਕਾਰਾਂ ਆਪਣੀ ਰਾਜਨੀਤੀ ਦੀ ਖੇਡ ਵੋਟਾਂ ਬਟੋਰਨ ਵਾਸਤੇ ਕਰ ਰਹੀ ਹੈ ਅਤੇ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਅਸੀਂ ਨਿਆਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ਼ ਰੱਖਦੇ ਹਾਂ, ਪਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਉਨ੍ਹਾਂ ਡੇਰਾ ਮੁੱਖੀ ਵੱਲੋਂ ਸਿੱਖ ਗੁਰੂਆਂ ਦੀ ਨਕਲ ਕਰਕੇ ਸਿੱਖਾਂ ਨੂੰ ਤੜਕਾਉਣ ਦੀ ਇੱਕ ਗਿਣੀ-ਮਿਥੀ ਸਾਜਿਸ਼ ਦੱਸਿਆ ਅਤੇ ਹੁਣ ਸਾਧ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਆਫੀ ਮੰਗਣ ਦੇ ਪੰਖੰਡ ਕਰ ਰਿਹਾ ਹੈ। ਜਿਸ ਨੂੰ ਸਿੱਖ ਕੌਮ ਕਦੀ ਵੀ ਮੁਆਫ ਨਹੀਂ ਕਰੇਗੀ ਕਿਉਂਕਿ ਮੁਆਫੀ ਦੇ ਸਾਰੇ ਰਸਤੇ ਇਸਨੇ ਆਪ ਬੰਦ ਕੀਤੇ ਹਨ। ਇਸ ਮੌਕੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਦਲਜੀਤ ਸਿੰਘ ਬਿੱਟੂ, ਸੰਤ ਬਲਜੀਤ ਸਿੰਘ ਦਾਦੂ ਵਾਲੇ, ਸੰਤ ਪ੍ਰੋਸ਼ਤਮ ਸਿੰਘ ਪਾਉਂਟਾ ਸਾਹਿਬ, ਸੰਤ ਹਰਚਰਨ ਸਿੰਘ ਪਟਿਆਲਾ, ਸੰਤ ਗੁਰਮੀਤ ਸਿੰਘ ਤਿਲੋਕੇ ਵਾਲੇ, ਭਾਈ ਬਲਜਿੰਦਰ ਸਿੰਘ ਖਾਲਸਾ, ਭਾਈ ਗੁਰਦੀਪ ਸਿੰਘ ਬਠਿੰਡਾ (ਪ੍ਰਬੰਧਕੀ ਸੰਪਾਦਕ ਅੱਜ ਦੀ ਆਵਾਜ਼) ਭਾਈ ਬਲਜਿੰਦਰ ਸਿੰਘ ਬੀਰ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣੇ ਵਾਲੇ ਅਤੇ ਭਾਈ ਸਾਹਿਬ ਭਾਈ ਹਰਨਾਮ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਨੇ ਆਪਣਾ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।






