ਸਿੱਖ ਜਥੇਬੰਦੀਆਂ ਵੱਲੋਂ ਫਰੈਂਕਫਰਟ ’ਚ ਭਾਰੀ ਰੋਸ ਮੁਜ਼ਾਹਰਾ
Aug 19th, 2008 | By jagdeep | Category: News (ਖ਼ਬਰਾਂ)ਜਰਮਨ ਦੀਆਂ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖ਼ਾਲਸਾ ਇੰਟਰਨੈਸ਼ਨਲ, ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਤੇ ਦਲ ਖ਼ਾਲਸਾ ਦੇ ਸਾਂਝੇ ਸੱਦੇ ’ਤੇ ਵੱਡੀ ਗਿਣਤੀ ’ਚ ਪੁੱਜੇ ਸਿੱਖਾਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰ ਕਰੋ ਦੀ ਮੰਗ ਨੂੰ ਲੈ ਕੇ ਅਤੇ 15 ਅਗਸਤ ਸਿੱਖਾਂ ਲਈ ਕਾਲਾ ਦਿਵਸ ਮਨਾਉਂਦਿਆਂ ਫਰੈਂਕਫਰਟ ਸਥਿਤ ਭਾਰਤੀ ਕੌਂਸਲਖਾਨੇ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਵੱਡ-ਅਕਾਰੀ ਤਸਵੀਰਾਂ ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਵਾਲੀਆਂ ਤਖ਼ਤੀਆਂ ਆਪਣੇ ਹੱਥਾਂ ’ਚ ਚੁੱਕੀਆਂ ਹੋਈਆਂ ਸਨ। ਕੌਂਸਲਖਾਨੇ ਸਾਹਮਣੇ ਤਿੱਖੀ ਸੁਰ ’ਚ ਤਕਰੀਰਾਂ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਦਾ ਵਿਸਥਾਰ ’ਚ ਖ਼ੁਲਾਸਾ ਕੀਤਾ। ਸਿੱਖ ਫ਼ੈਡਰੇਸ਼ਨ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਬੋਲਦਿਆਂ ਕਿਹਾ ਅੱਜ ਦਾ ਸਿੱਖ ਮੁਜ਼ਾਹਰਾ ਭਾਰਤੀ ਹੁਕਮਰਾਨਾਂ ਨੂੰ ਸੁਨੇਹਾ ਦੇਣ ਆਇਆ ਹੈ ਕਿ ਸਿੱਖ ਕੌਮ ਗੁਲਾਮੀ ਦੀ ਜ਼ਿੰਦਗੀ ਬਹੁਤਾ ਸਮਾਂ ਨਹੀਂ ਜੀਅ ਸਕਦੀ, ਆਖਿਰ ਸਿੱਖ ਕੌਮ ਆਜ਼ਾਦੀ ਹਾਸਿਲ ਕਰੇਗੀ। ਬੱਬਰ ਖ਼ਾਲਸਾ ਵੱਲੋਂ ਭਾਈ ਅਮਰਜੀਤ ਸਿੰਘ ਬੱਬਰ ਨੇ ਕਿਹਾ ਹੱਕ ਮੰਗਦੇ ਸਿੱਖਾਂ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਕਹਿ ਕੇ ਦਬਾਉਣਾ ਚਾਹਿਆ, ਪਰ ਆਜ਼ਾਦੀ ਦਾ ਸੁਪਨਾ ਸਾਕਾਰ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਕਮੇਟੀ ਦੇ ਆਗੂ ਬਾਬਾ ਸੋਹਣ ਸਿੰਘ ਨੇ ਕਿਹਾ ਭਾਰਤ ਦੇ ਕੌਮੀ ਆਗੂਆਂ ਗਾਂਧੀ, ਨਹਿਰੂ ਨੇ ਸਿੱਖਾਂ ਨੂੰ ਇਕ ਵੱਖਰਾ ਆਜ਼ਾਦ ਖਿੱਤਾ ਦੇਣ ਦਾ ਬਚਨ ਕੀਤਾ ਪਰ ਆਜ਼ਾਦੀ ਮਿਲਦਿਆਂ ਹੀ ਇਹ ਅੱਖਾਂ ਫੇਰ ਗਏ। ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਆਖਿਆ ਕਿ ਭਾਰਤ ’ਚ ਸਿੱਖ, ਮੁਸਲਮਾਨ ਤੇ ਈਸਾਈ ਗ਼ੁਲਾਮ ਹਨ। ਘੱਟ ਗਿਣਤੀਆਂ ’ਤੇ ਜ਼ੁਲਮ ਹੋ ਰਹੇ ਹਨ। ਸਾਡੀ ਮੰਜ਼ਿਲ ਕੇਵਲ ਖ਼ਾਲਿਸਤਾਨ ਹੀ ਹੈ। ਉਨ੍ਹਾਂ ਡੇਰਾ ਸਿਰਸਾ ਮੁਖੀ ਦੀ ਗ੍ਰਿਫ਼ਤਾਰੀ ਦੀ ਜ਼ੋਰਦਾਰ ਸ਼ਬਦਾਂ ’ਚ ਮੰਗ ਕੀਤੀ। ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਨੇ ਕਿਹਾ ਜਿਨ੍ਹਾਂ ਆਗੂਆਂ ਨੂੰ ਭਾਰਤ ਸਰਕਾਰ ਆਪਣੇ ਕੌਮੀ ਰਹਿਬਰ ਆਖ ਪੂਜਾ ਕਰਦੀ ਹੈ, ਉਹ ਗਾਂਧੀ, ਨਹਿਰੂ ਅੰਗਰੇਜ਼ ਸਰਕਾਰ ਦੀ ਪੈਦਾਇਸ਼ ਸਨ।
ਭਾਈ ਪ੍ਰਦੇਸੀ ਨੇ ਦ੍ਰਿੜ੍ਹਤਾ ਨਾਲ ਹਿਮਾਚਲ, ਹਰਿਆਣਾ ਨੂੰ ਪੰਜਾਬ ’ਚ ਸ਼ਾਮਿਲ ਕਰਨ ਦੀ ਗੱਲ ਆਖੀ। ਭਾਈ ਪ੍ਰਗਟ ਸਿੰਘ (ਰੁਮਾਨੀਆ ਕਾਂਡ) ਨੇ ਕਿਹਾ ਕਿ ਜੋ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ, ਦਰਅਸਲ ਘੱਟ ਗਿਣਤੀਆਂ ਦੇ ਖ਼ੂਨ ਦੇ ਜਸ਼ਨ ਮਨਾਏ ਜਾ ਰਹੇ ਹਨ। ਸਿੱਖ ਫੈਡਰੇਸ਼ਨ ਦੇ ਆਗੂ ਭਾਈ ਜਤਿੰਦਰਬੀਰ ਸਿੰਘ ਨੇ 1947 ਤੋਂ ਲੈ ਕੇ ਅਜੋਕੇ ਸਮੇਂ ਤੱਕ ਭਾਰਤ ਸਰਕਾਰਾਂ ਦੀ ਸਿੱਖਾਂ ਪ੍ਰਤੀ ਸੋਚ ਬਾਰੇ ਵਿਚਾਰ ਰੱਖੇ। ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਭਾਈ ਨਿਰਮਲ ਸਿੰਘ ਹੰਸਪਾਲ ਨੇ ਜਰਮਨ ਭਾਸ਼ਾ ’ਚ ਤਕਰੀਰ ਕਰਦਿਆਂ ਕਿਹਾ 26 ਜਨਵਰੀ ਤੇ 15 ਅਗਸਤ ਸਿੱਖਾਂ ਲਈ ਕੋਈ ਅਰਥ ਨਹੀਂ ਰੱਖਦੇ। ਭਾਈ ਹੰਸਪਾਲ ਨੇ ਜੂਨ 84 ਤੇ ਨਵੰਬਰ 84 ’ਚ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਵੀ ਚਰਚਾ ਕੀਤੀ। ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ ਨੇ ਆਖਿਆ ਚੰਦੂ, ਗੰਗੂ ਦੀਆਂ ਰੂਹਾਂ ਅੱਜ ਵੀ ਸਿੱਖਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਬੱਬਰ ਖ਼ਾਲਸਾ ਅੰਤਰਰਾਸ਼ਟਰੀ ਦੇ ਜਥੇਦਾਰ ਭਾਈ ਹਰਦਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਪਰ ਆਜ਼ਾਦੀ ਤੇ ਰਾਜ ਭਾਗ ਦੇ ਮਾਲਕ ਹੋਰ ਕੋਈ ਬਣ ਗਏ। ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਦਿੱਲੀ ਆਰੰਭੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਨੇ ਕਿਹਾ ਸਿੱਖਾਂ ਦੇ ਮਨਾਂ ’ਚ ਆਜ਼ਾਦ ਸਿੱਖ ਰਾਜ ਦੀ ਗੱਲ ਉ¤ਕਰੀ ਪਈ ਹੈ। ਸਰਕਾਰਾਂ ਦੇ ਜ਼ੁਲਮ ਤੇ ਲਾਲਚ ਸਿੱਖਾਂ ਨੂੰ ਆਜ਼ਾਦੀ ਦੇ ਰਾਹ ਤੋਂ ਰੋਕ ਨਹੀਂ ਸਕਦੇ। ਇਸ ਮੌਕੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀ ਵੀ ਵਿਖਾਵਾਕਾਰੀਆਂ ਦੇ ਹਰ ਬੋਲ ਨੂੰ ਕਲਮਬੰਦ ਕਰ ਰਹੇ ਸਨ। ਮੁਜ਼ਾਹਰੇ ’ਚ ਵੱਖ-ਵੱਖ ਸ਼ਹਿਰਾਂ ਸਟੁੱਟਗਾਰਟ ਤੋਂ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ, ਭਾਈ ਮਦਨਦੀਪ ਸਿੰਘ, ਕੋਡਨ ਤੋਂ ਭਾਈ ਸਵਰਨ ਸਿੰਘ ਖ਼ਾਲਸਾ, ਭਾਈ ਰਾਮ ਸਿੰਘ ਮੇਹਲੀ, ਫਰੈਂਕਫਰਟ ਤੋਂ ਭਾਈ ਮਨਜੀਤ ਸਿੰਘ ਹੋਠੀ, ਭਾਈ ਸਤਪਾਲ ਸਿੰਘ ਪੱਡਾ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਅੰਗਰੇਜ਼ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।






