“ਸ਼ਹੀਦਾਂ ਦੇ ਕੱਚੇ ਕੋਠੇ ਤੇ ਗੱਦਾਰਾਂ ਦੇ ਮਹਿਲ”
Aug 26th, 2008 | By jagdeep | Category: Editorials (ਸੰਪਾਦਕੀ), ਸ਼ਹਾਦਤਾਂ, ਜਿਨ੍ਹਾਂ 'ਤੇ ਸਾਨੂੰ ਮਾਣ ਹੈ“ਸ਼ਹੀਦ ਭਾਈ ਹੁਸਨ ਸਿੰਘ”
ਮੈਂ ਪੁੱਛਿ
ਆ, “ਭੈਣ ਜੀ ਤੁਸੀਂ ਕਦੇ ਭਾਈ ਸਾਹਬ ਤੋਂ ਪੈਸੇ ਮੰਗੇ ਨਈਂ ਘਰ ਦੇ ਗੁਜ਼ਾਰੇ ਲਈ”
ਤਾਂ ਭੈਣ ਜੀ ਬੋਲੇ, “ਮੰਗੇ ਸਨ ਵੀਰਾ, ਪਰ ਉਹ ਕਹਿੰਦਾ ਇਹ ਪੈਸੇ ਪੰਥ ਦੀ ’ਮਾਨਤ ਨੇ, ਇਹਨਾਂ ਵਿਚ ਮੇਰਾ ਇਕ ਵੀ ਪੈਸਾ ਨਈ, ਇਹਨਾਂ ਪੈਸਿਆਂ ਵਿਚੋਂ ਜੇ ਮੈਂ ਇਕ ਵੀ ਰੁਪਈਆ ਥੋਨੂੰ ਦੇ ਦਿੱਤਾ ਤਾਂ ਉਹ ਥੋਡੇ ਲਈ ਜ਼ਹਿਰ ਸਾਬਤ ਹੋਵੇਗਾ……”
“ਤਾਂ ਫੇਰ ਇਹਨਾਂ ਕੁੜੀਆਂ ਨੂੰ ਮੈਂ ਕਿਵੇਂ ਪਾਲੂਂ…… ਰੋਟੀ ਕਿੱਥੋਂ ਖਾਵਾਂਗੇ ਅਸੀਂ” ਭੈਣ ਜੀ ਨੇ ਮੁੜ ਭਾਈ ਸਾਹਬ ਮੂਹਰੇ ਸਵਾਲ ਪਾਇਆ।
“ਬਸ ਪ੍ਰਮਾਤਮਾਂ ’ਤੇ ਟੇਕ ਰੱਖੋ…… ਜੀਹਨੇ ਢਿੱਡ ਦਿੱਤੈ ਉਹ ਰਿਜ਼ਕ ਵੀ ਦਿਊਗਾ…… ਬਸ ਮੇਰੇ ਤੋਂ ਆਸ ਨਾ ਰੱਖਿਓ…… ਮੈਂ ਦੂਰ ਨਿਕਲ ਗਿਆਂ…… ਤੇ ਥੋਨੂੰ ਇਹ ਲਾਰਾ ਵੀ ਨਹੀਂ ਲਾਉਂਦਾ ਕਿ ਛੇਤੀ ਮੁੜ ਆਵਾਂਗਾ…… ਸਾਡਾ ਮਿੱਥਿਆ ਨਿਸ਼ਾਨਾਂ ਅਜੇ ਦੂਰ ਹੈ ਤੇ ਜਿੰਨੀ ਦੇਰ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਸਾਥੋਂ ਮੁੜ ਨਹੀਂ ਹੋਣਾ……” ਏਨਾ ਕਹਿ ਕੇ ਭਾਈ ਸਾਹਬ ਤੁਰ ਗਏ ਤੇ ਮੁੜ
ਕਦੇ ਵਾਪਸ ਨਹੀਂ ਆਏ।
ਤੁਸੀਂ ਸੋਚਦੇ ਹੋਵੋਗੇ ਕਿ ਇਹ ਕੀ ਬਾਤ ਜਹੀ ਪਾਉਣ ਲੱਗ ਪਿਆ। ਅਸਲ ਵਿਚ ਇਹ ਸ਼ਬਦ ਸਨ ਭਾਈ ਹੁਸਨ ਸਿੰਘ ਹੋਰਾਂ ਦੇ। ਭਾਈ ਹੁਸਨ ਸਿੰਘ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸੱਜੀ ਬਾਂਹ ਸਨ। ਭਾਈ ਹੁਸਨ ਸਿੰਘ ਨੂੰ ਅਸੀਂ ‘ਖਾਲਿਸਤਾਨ ਲਿਬਰੇਸ਼ਨ ਫੋਰਸ’ ਦਾ ਭਾਈ ਗੁਰਜੰਟ ਸਿੰਘ ਤੋਂ ਬਾਅਦ ਦੂਜੇ ਨੰਬਰ ਦਾ ਕਮਾਂਡਰ ਵੀ ਕਹਿ ਸਕਦੇ ਹਾਂ। ਇਲਾਕੇ ਵਿਚ ਭਾਈ ਸਾਹਿਬ ਦਾ ਏਨਾ ਸਤਿਕਾਰ, ਜਿਹੜਾ ਕਿ ਬਹੁਤ ਘੱਟ ਗੁਰੀਲਿਆਂ ਦੇ ਹਿੱਸੇ ਆਇਆ ਹੈ। ਭਾਈ ਹੁਸਨ ਸਿੰਘ ਹੋਰੀਂ ਇਲਾਕੇ ਵਿਚ ‘ਬਾਈ ਹੁਸਨੇ’ ਦੇ ਨਾਮ ਨਾਲ ਜਾਣੇ ਜਾਂਦੇ ਹਨ। ਹਰ ਕੋਈ ਬੜੇ ਪਿਆਰ ਨਾਲ ਭਾਈ ਸਾਹਬ ਦਾ ਨਾਮ ਲੈਂਦਾ ਹੈ।
ਕਿਸੇ ਨੇ ਇਕ ਵਾਰ ਮੇਰੇ ਕੋਲ ਭਾਈ ਸਾਹਿਬ ਦੇ ਕਾਰਨਾਮਿਆਂ (ਗੁਰੀਲਾ ਐਕਸ਼ਨਾਂ) ਦਾ ਜ਼ਿਕਰ ਕੀਤਾ। ਉਹਨਾਂ ਦੁਆਰਾ ਦੁਸ਼ਟਾਂ ਨੂੰ, ਟਾਊਟਾਂ ਨੂੰ ਸੋਧੇ ਜਾਣ ਦੀ ਵਾਰਤਾ ਸੁਣਾਈ। ਉਹਨਾਂ ਦੀ ਖਾਲਸਈ ਸਪਿਰਟ ਨਾਲ ਹੋਈ ਸ਼ਹਾਦਤ ਬਾਰੇ ਦੱਸਿਆ ਤਾਂ ਮਨ ਵਿਚ ਵਿਚਾਰ ਆਇਆ ਕਿ ਐਸੇ ਯੋਧੇ ਦੇ ਪਰਿਵਾਰ ਨੂੰ ਮਿਲਿਆ ਜਾਵੇ। ਮੇਰੀ ਇਹ ਇੱਛਾ ਪੂਰੀ ਕੀਤੀ ਬਾਈ ਅਮਰਦੀਪ ਸਿੰਘ ਨੇ। ਜਿਸਨੇ ਅਮਰੀਕਾ ਤੋਂ ਕੁਝ ਵੀਰਾਂ ਸਹਿਯੋਗ ਨਾਲ ਕੁਝ ਮਾਇਆ ਭਾਈ ਹੁਸਨ ਸਿੰਘ ਦੇ ਪਰਿਵਾਰ ਵਾਸਤੇ ਭੇਜੀ। ਉਸ ਨੂੰ ਦੇਣ ਦੇ ਬਹਾਨੇ ਮੋਗੇ ਦੇ ਕੁਝ ਵੀਰਾਂ (ਭਾਈ ਹਰਪਾਲ ਸਿੰਘ, ਬਾਈ ਕਾਲਾ, ਸੁਖਜੀਵਨ ਸਿੰਘ ਕੁੱਸਾ), ਜਿਹਨਾਂ ਦਾ ਭਾਈ ਸਾਹਿਬ ਦੇ ਪਰਿਵਾਰ ਵੱਲ ਆਉਣ ਜਾਣ ਸੀ, ਨਾਲ ਮੈਂ ਭਾਈ ਸਾਹਬ ਦੇ ਪਿੰਡ ਨੂੰ ਤੁਰ ਪਿਆ।
ਰਸਤੇ ਵਿਚ ਇਹ ਵੀਰ (ਜਿਹਨਾਂ ਨੇ ਕਿ ‘ਬਾਈ ਹੁਸਨੇ’ ਦੀ ਸੰਗਤ ਵੀ ਮਾਣੀ ਹੋਈ ਸੀ) ਭਾਈ ਸਾਹਿਬ ਦੀ ਦਲੇਰੀ ਤੇ ਬਹਾਦਰੀ ਦੀਆਂ ਵਾਰਤਾਵਾਂ ਸੁਣਾਉਦੇ ਗਏ। ਬਾਈ ਕਾਲੇ ਨੇ ਦੱਸਿਆ ਕਿ ਪੁਲਸ ਤੇ ਸੀ.ਆਰ.ਪੀ. ਤਾਂ ਭਾਈ ਸਾਹਿਬ ਦੇ ਨਾਮ ਤੋਂ ਭੈਅ ਖਾਂਦੀ ਸੀ। ਕਈ ਕਹਿੰਦੇ ਕਹਾਉਂਦੇ ਜ਼ਾਲਮ, ਬੁੱਚੜ ਪੁਲਸ ਅਫਸਰ ਭਾਈ ਸਾਹਿਬ ਨੇ ਸੋਧੇ ਸਨ। ਭਾਵੇਂ ਕਿ ਬਾਘੇਪੁਰਾਣੇ ਵਾਲੇ ਮਿੱਤੂ ਥਾਣੇਦਾਰ ਨੂੰ ਸੋਧੇ ਜਾਣ ਵਿਚ ਕਈ ਸਿੰਘਾਂ ਦਾ ਯੋਗਦਾਨ ਸੀ, ਪਰ ਵੀਰਾਂ ਨੇ ਦੱਸਿਆ ਕਿ ਇਲਾਕੇ ਵਿਚ ਇਹੀ ਚਰਚਾ ਸੀ (ਤੇ ਅੱਜ ਵੀ ਹੈ) ਕਿ, “ਚੱਕਤਾ ਬਈ ਬੁੱਚੜ ਮਿੱਤੂ ਨੂੰ ‘ਹੁਸਨੇ’ ਨੇ…… ਲੈ ਲਏ ਬਈ ਸਾਰੇ ਬਦਲੇ…… ਜਿਉਂਦਾ ਰਹਿ ਸ਼ੇਰਾ ਰੱਖ ਵਖਾਈ……”। ਵੀਰਾਂ ਨੇ ਫਿਰੋਜਪੁਰ ਜ਼ੇਲ੍ਹ ਦੀ ਇਕ ਵਾਰਤਾ ਵੀ ਸੁਣਾਈ ਕਿ ਕਿਵੇਂ ਉੱਥੇ ਇਕ ਟਾਵਰ ਦਾ ਨਾਮ ਹੀ ‘ਹੁਸਨੇ ਵਾਲਾ ਟਾਵਰ’ ਪੈ ਗਿਆ ਸੀ। ਅਸਲ ਵਿਚ ਭਾਈ ਸਾਹਿਬ ਫਿਰੋਜਪੁਰ ਜ਼ੇਲ੍ਹ ਵਿਚ ਸਥਿੱਤ ਚੌਕਸੀ ਵਾਲੇ ਦੋਹਾਂ ਟਾਵਰਾਂ ਦੇ ਵਿਚਾਲ ਦੀ ਪੁਲਸ ਨੂੰ ਚਕਮਾਂ ਦੇ ਕੇ ਭੱਜ ਗਏ ਸਨ ਤ ੇਪਿੱਛੋਂ ਪੁਲਸ ਨੇ ਉਸ ਜਗ੍ਹਾ ਵਿਚਾਲੇ ਵੀ ਟਾਵਰ ਬਣਾ ਦਿੱਤਾ ਸੀ ਤੇ ਉਸ ਟਾਵਰ ਦਾ ਨਾਮ ‘ਹੁਸਨੇ ਵਾਲਾ ਟਾਵਰ’ ਹੀ ਪੱਕ ਗਿਆ ਤੇ ਉਹ ਇਸੇ ਨਾਮ ਨਾਲ ਜਾਣਿਆਂ ਜਾਂਦਾ ਹੈ।
ਗੱਲਾਂ ਕਰਦੇ-ਕਰਦੇ ਅਸੀਂ ਪਿੰਡ ਪਹੁੰਚ ਗਏ। ਵੀਰ ਹੋਰਾਂ ਗੱਡੀ ਰੋਕੀ ਤੇ ਕਹਿਣ ਲੱਗੇ, “ਆਓ ਵੀਰ ਜੀ ਤੁਹਾਨੂੰ ਜਥੇਦਾਰ ਦੇ ਮਹਿਲ ਵਿਖਾਈਏ”
ਮੈਂ ਇੱਕ ਪਾਸੇ ਸਥਿੱਤ ਵੱਡੀ ਕੋਠੀ ਵੱਲ ਦੇਖਣ ਲੱਗਾ ਕਿ ਏਨੇ ਨੂੰ ਆਵਾਜ਼ ਆਈ, “ਜਗਦੀਪ ਵੀਰ ਜੀ ਓਧਰ ਨਹੀਂ ਏਧਰ”। ਅਸੀਂ ਇਕ ਭੀੜੀ ਜਹੀ ਬੀਹੀ ਵਿਚ ਸਥਿਤ ਕੁਝ ਟੁੱਟੇ ਜਹੇ ਘਰਾਂ ਵੱਲ ਆ ਗਏ।
ਫੇਰ ਇਕ ਗੇਟ ਮੂਹਰੇ ਵੀਰ ਰੁਕ ਗਏ ਤੇ ਕਹਿਣ ਲੱਗੇ, “ਵੀਰ ਜੀ, ਆਹ ਹੈ ਜਥੇਦਾਰ ਹੁਸਨ ਸਿੰਘ ਦਾ ਬੰਗਲਾ”
ਸੱਚ ਜਾਣਿਓ ਇੱਕ ਵਾਰ ਤਾਂ ਮੇਰੀ ਚੀਕ ਨਿਕਲ ਗਈ। ਇੱਕ ਟੁੱਟਿਆ ਜਿਹਾ ਬੂਹਾ, ਢੱਠੇ ਜਹੇ ਕੌਲੇ ਨਾਮ ਲਮਕਦਾ ਹੋਇਆ, ਟੱਪ ਕੇ ਅਸੀਂ ਅੰਦਰ ਵੜ੍ਹ ਗਏ। ਅੰਦਰ ਸਥਿੱਤ ਥਾਂ, ਜਿਸ ਨੂੰ ਘਰ ਤਾਂ ਹਰਗਿਜ਼ ਨਹੀਂ ਕਿਹਾ ਜਾ ਸਕਦਾ ਸੀ, ਵਿਚ ਦੋ ਮੰਜੇ ਡਹੇ ਪਏ ਸਨ। ਅਸੀਂ ਉੱਥੇ ਬੈਠਣ ਲੱਗੇ ਸਾਂ ਕਿ ਭਾਈ ਸਾਹਿਬ ਦੀ ਸਿੰਘਣੀ ਨੇ ਸਾਨੂੰ ਕਿਹਾ, “ਬਾਈ ਜੀ ਅੰਦਰ ਆ ਜਾਓ, ਅੱਜ ਤਾਂ ਹੈਗੀ ਲੈਟ”।ਅਸੀਂ ਅੰਦਰ ਨੂੰ ਤੁਰ ਪਏ। ਗਾਰੇ ਨਾਲ ਚਿਣੀਆਂ ਇੱਟਾਂ ਵਾਲੇ ਇਕ ਕਮਰੇ, ਜਿਸਨੂੰ ਕਿ ਬੂਹਾ ਵੀ ਨਹੀਂ ਲੱਗਿਆ ਸੀ, ਅੰਦਰ ਅਸੀਂ ਬੈਠ ਗਏ। ਇਸ ਕਮਰੇ ਦੇ ਨਾਲ ਦੋ ਕੱਚੇ ਕੋਠੇ ਸਨ। ਇਕ ਵਿਚ ਕੁਝ ਛਿਟੀਆਂ ਤੇ ਹੋਰ ਨਿੱਕ ਸੁੱਕ ਸੀ ਤੇ ਦੂਜੇ ਵਿਚ ਇੱਕ ਮੰਜਾ ਡਾਹਿਆ ਹੋਇਆ ਸੀ। ਕੁਲ ਮਿਲਾ ਕੇ ਇਹੀ ਇਹਨਾਂ ਦਾ ਡਰਾਇੰਗ ਰੂਮ ਸੀ, ਇਹੀ ਬੈੱਡ ਰੂਮ ਤੇ ਇਹੀ ਕਿਚਨ।
ਇਕ ਪਾਸੇ ਭਾਈ ਸਾਹਿਬ ਦੀ ਇੱਕ ਤਸਵੀਰ ਲੱਗੀ ਹੋਈ ਸੀ। ਉਸ ਦੇ ਥੱਲੇ ਇੱਕ ਟੁੱਟੀ ਜਹੀ ਟਰੰਕ ਨੁਮਾਂ ਪੇਟੀ ਪਈ ਸੀ। ਸ਼ਾਇਦ ‘ਅਕਾਲ ਤਖ਼ਤ ਸਾਹਿਬ’ ਅਤੇ ਹੋਰ ਪ੍ਰਮੁੱਖ ਸਿਖ ਸੰਸਥਾਵਾਂ ਵੱਲੋਂ ਇਸ ਮਹਾਨ ਯੋਧੇ ਦੀ ਸ਼ਾਨਾਮੱਤੀ ਸ਼ਹਾਦਤ ਤੋਂ ਬਾਅਦ ਦਿੱਤੇ ਗਏ ਗੋਲਡ ਮੈਡਲ ਤੇ ਹੋਰ ਤਮਗੇ ਇਸੇ ਟਰੰਕ ਨੁਮਾਂ ਪੇਟੀ ਵਿਚ ਪਏ ਹੋਣਗੇ? ਕਿਉਂਕਿ ਇਸ ਤੋਂ ਸੇਫ ਥਾਂ ਸਾਰੇ ਘਰ ਵਿਚ ਮੈਨੂੰ ਹੋਰ ਕਿਤੇ ਨਹੀਂ ਦਿਸੀ। ਕਲਗੀਆਂ ਵਾਲਿਆ, ਤ੍ਰਾਸਦੀ ਤੇਰੀ ਕੌਮ ਦੀ। ਤੇਰੇ ਇਸ਼ਕ ਵਿਚ ਘਰੋਂ ਤੁਰੇ ਜੁਝਾਰੂਆਂ ਦੇ ਪਰਿਵਾਰ ਦਾਤਿਆ ਅੱਜ ਇੱਕ ਵੇਲੇ ਦੀ ਰੋਟੀ ਤੋਂ ਵੀ ਮੁਥਾਜ ਹੋਏ ਬੈਠੇ ਨੇ ਤੇ ਗੱਦਾਰ ਲੀਡਰਸ਼ਿੱਪ ਉਹਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੀ ਹੈ। ਕੋਠੀਆਂ ਕਾਰਾਂ, ਫਾਰਮ ਹਾਊਸਾਂ, ਪਿੰ੍ਰਟਿੰਗ ਪ੍ਰੈਸਾਂ ਤੇ ਗੈਸਟ ਹਾਊਸਾਂ ਦੀ ਮਾਲਕ ਬਣੀ ਬੈਠੀ ਹੈ। ਇਹ ਕਿੱਥੋਂ ਦਾ ਨਿਆਂ ਹੈ ਦਾਤਿਆ। ਕੀ ਤੇਰੇ ਪੰਥ ਤੋਂ ਆਪਾ ਕੁਰਬਾਨ ਕਰਨ ਵਾਲੇ ਇੰਝ ਹੀ ਰੁਲਦੇ ਰਹਿਣਗੇ ਤੇ ਗੱਦਾਰ ਤੇ ਪੰਥ ਦੀ ਪਿੱਠ ਵਿਚ ਛੁਰੇ ਖੁਭੋਣ ਵਾਲੇ ਇੰਝ ਹੀ ਐਸ਼ ਕਰਦੇ ਰਹਿਣਗੇ। ਪਾਤਸ਼ਾਹ ਤੁਸੀਂ ਤਾਂ ਕਹਿੰਦੇ ਸੀ ਕਿ,
“ਇਨ ਗਰੀਬ ਸਿਖਨ ਕਉ ਦੈਊ ਪਾਤਸ਼ਾਹੀ……”
ਪਰ ਅੱਜ ਤਾਂ ਸਭ ਕੁਝ ਉਲਟ ਹੈ। ਕਦੋਂ ਇਹ ਮਰੇ ਸੱਪ ਪੰਥ ਦੇ ਗਲੋਂ ਲਹਿਣਗੇ ਮਾਲਕਾ।
ਇਕ ਸਮਾਂ ਭਾਈ ਹੁਸਨ ਸਿੰਘ ਦੇ ਪਰਿਵਾਰ ’ਤੇ ਐਸਾ ਵੀ ਆਇਆ ਕਿ ਧੀ ਦਾ ਵਿਆਹ ਆ ਗਿਆ ਤੇ ਘਰੇ ਧੇਲੀ ਵੀ ਨਹੀਂ ਸੀ। ਭਾਈ ਸਾਹਬ ਦੇ ਛੋਟੇ ਭਰਾ ਨੇ ਰੋਡਿਆਂ ਵਾਲੇ ‘ਕੈਪਟਨ ਸਾਹਬ’ ਕੋਲ ਮਦਦ ਲਈ ਅਪੀਲ ਕੀਤੀ। ਉਹਨਾਂ ਨੇ ਮਦਦ ਤਾਂ ਕੀ ਕਰਨੀ ਸੀ ਸਗੋਂ ਵਿਆਹ ਤੇ ਵੀ ਨਹੀਂ ਆਏ। ਕੁਝ ਸਮੇਂ ਬਾਅਦ ਉਹੀ ਕੈਪਟਨ ਸਾਹਬ? ਉਹਨਾਂ ਦੇ ਘਰੇ ਵੋਟਾਂ ਮੰਗਣ ਆਏ ਤਾਂ ਭਾਈ ਸਾਹਬ ਦੇ ਭਰਾ ਨੇ ਸਾਰੇ ਆਂਢੀਆਂ-ਗੁਆਂਢੀਆਂ ਨੂੰ ਸੁਣਾ ਕੇ ਕਿਹਾ, “ਹਾਂ ਭਾਈ ਹਾਂ…… ਵੋਟਾਂ ਕੈਪਟਨ ਸਾਹਬ ਨੂੰ ਹੀ ਪਾਓ…… ਇਹ ਆਪਣੇ ਹਰੇਕ ਦੁਖਦੇ ਸੁਖਦੇ ਵਿਚ ਸ਼ਰੀਕ ਹੁੰਦੇ ਨੇ…… ਸਿਰਾਂ ’ਤੇ ਹੱਥ ਰੱਖਦੇ ਨੇ…… ਸ਼ਹੀਦ ਸਿੰਘਾਂ ਦੀਆਂ ਬੱਚੀਆਂ ਨੂੰ ਹੱਥੀਂ ਵਿਦਾ ਕਰਦੇ ਨੇ……” ਏਨਾ ਕਹਿਣ ਦੀ ਦੇਰ ਸੀ ਕਿ ਕੈਪਟਨ ਕੰਨ ਝਾੜਦਾ ਤੁਰ ਗਿਆ।
ਇਸੇ ਪਰਿਵਾਰ ਦੇ ਇਕ ਹੋਰ ਕਰੋੜਪਤੀ ਦੀ ਵਾਰਤਾ ਵੀ ਭਾਈ ਸਾਹਿਬ ਦੇ ਭਰਾ ਨੇ ਸੁਣਾਈ। ਕਹਿੰਦੇ ਇਕ ਵਾਰੀ ਸਾਰੀਆਂ ਪ੍ਰਮੁੱਖ ਖਾੜਕੂ ਜਥੇਬੰਦੀਆਂ ਦੀ ਮੋਹਾਲੀ ਮੀਟਿੰਗ ਸੀ। ਏਸ ਕਰੋੜਪਤੀ ‘ਮੁਖੀ’ ਨੂੰ ਵੀ ਸੱਦ ਲਿਆ ਗਿਆ ਤੇ ਕਿਹਾ ਗਿਆ ਕਿ ਤੁਸੀਂ ਜਿਹੜੀ ਸਰਵਉੱਚ ਸੰਸਥਾ ਦੇ ਮੁਖੀ ਹੋ ਉੱਥੇ ਜਾ ਕੇ ‘ਖਾਲਿਸਤਾਨ’ ਦਾ ਐਲਾਨ ਕਰ ਦਿਓ…… ਤੇ ਏਸ ਸਖ਼ਸ਼ ਨੇ ਐਲਾਨ ਕਰ ਦਿੱਤਾ, ਰਾਜਪੁਰੇ ਥਾਣੇ ਵਿਚ ਜਾ ਕੇ ਕਿ, “ਫਲਾਣੀ ਥਾਂ ’ਤੇ ‘ਅੱਤਵਾਦੀ’ ‘ਕੱਠੇ ਹੋਏ ਬੈਠੇ ਨੇ ਉਹਨਾਂ ਕੋਲ ਭਾਰੀ ਗਿਣਤੀ ਵਿਚ ਅਸਲਾ ਹੈ…… ਛੇਤੀ ਹੀ ਕੁਝ ਕਰੋ” ਤੇ ਕੁਝ ਸਮਾਂ ਬਾਅਦ ਹੀ ਉਸ ਮੀਟਿੰਗ ਵਾਲੀ ‘ਗੁਪਤ’ ਥਾਂ ’ਤੇ ਪੁਲਸ ਨੇ ਹੱਲਾ ਕਰ ਦਿੱਤਾ। ਵਾਹ ਉਏ ਪੰਥ ਦੇ ਰਹਿਨੁਮਾਓ ਵਾਹ…… ਖਾਓਂ ਅੰਮ੍ਰਿਤਸਰ ਦਾ ਤੇ ਯਾਰੀ ਨਿਭਾਵੋਂ ਦਿੱਲੀ ਨਾਲ। ਉਏ ਤੁਸੀਂ ਤਾਂ ਕੁੱਤੇ ਅਖਵਾਉਣ ਦੇ ਹੱਕਦਾਰ ਵੀ ਨਹੀਂ, ਕੁੱਤਾ ਵੀ ਜੀਹਦਾ ਖਾਂਦਾ ਹੈ ਉਸ ਵੱਲ ਮੂੰਹ ਕਰਕੇ ਨਹੀਂ ਭੌਕਦਾ।
ਖੈਰ, ਭਾਵੇਂ ਸ਼ਹੀਦਾਂ ਦੇ ਨਾਮ ’ਤੇ ਆਏ ਅਰਬਾਂ ਰੁਪਏ ਖਾਣ ਵਾਲੇ ਇਹਨਾਂ ਲੱਕੜਬੱਗਿਆਂ ਨੇ ਸ਼ਹੀਦਾਂ ਦੇ ਘਰਾਂ ਵਿਚ ਇਕ ਪੈਸਾ ਵੀ ਨਹੀਂ ਪਹੁੰਚਣ ਦਿੱਤਾ, ਪਰ ਫਿਰ ਵੀ ਪਰਿਵਾਰਾਂ ਨੇ ਕਿਸੇ ਨਾ ਕਿਸੇ ਤਰੀਕੇ ਆਪਣਾ ਢਿੱਡ ਤਾਂ ਭਰਨਾ ਹੀ ਸੀ। ਭਾਈ ਹੁਸਨ ਸਿੰਘ ਦੀਆਂ ਤਿੰਨੇ ਧੀਆਂ ਵੀ ਭਾਈ ਸਾਹਬ ਦੇ ਛੋਟੇ ਭਰਾ ਨੇ ਦਿਹਾੜੀਆਂ ਕਰ-ਕਰ ਕੇ ਵਿਆਹੀਆਂ। ਭਾਵੇਂ ਕਿ ਪੁਲਸ ਨੇ ਉਸਦੇ ਹੱਡ ਭੰਨਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਸੀ। ਘੋਟਣੇ ਦਾ ਘੋਟਣਾ ਉਸ ਦੇ ਵੀ ਲੱਗਿਆ ਸੀ। ਦੋਵੇਂ ਘੁੱਟ ਉਤਰ ਗਏ ਸਨ ਤੇ ਗਿੱਟੇ ਤੋੜ ਦਿੱਤੇ ਸਨ। ਕਾਫੀ ਚਿਰ ਉਸ ਨੇ ਵੀ ਕੈਦ ਕੱਟੀ ਸੀ। ਭਾਈ ਸਾਹਿਬ ਦੇ ਦੋ ਹੋਰ ਭਰਾ ਵੀ ਪੁਲਸ ਨੇ ਮਾਰ ਦਿੱਤੇ ਸਨ।
ਅੰਤ ਵਿਚ ਮੈਂ ਪੰਥ ਨੂੰ ਅਪੀਲ ਕਰਦਾਂ ਕਿ ਜਥੇਦਾਰ ਭਾਈ ਹੁਸਨ ਸਿੰਘ ਦੇ ਪਰਿਵਾਰ ਦੀ ਸਾਰ ਲਵੋ। ਪਰਿਵਾਰ ਅਜੇ ਵੀ ਰੋਟੀਓਂ ਮੁਥਾਜ ਹੈ। ਜਿੱਦੇਂ ਦਿਹਾੜੀ ਲੱਗ ਗਈ ਤਾਂ ਰੱਜਵੀਂ ਰੋਟੀ ਖਾ ਲਈ ਨਹੀਂ ਤਾਂ ਢਿੱਡ ਨੂੰ ਗੰਢ ਦੇ ਕੇ ਪੈ ਗਏ। ਹੋ ਸਕਦਾ ਹੈ ਕਿ ਕਦੇ ਬੱਚਿਆਂ ਨੂੰ ਇਹ ਕਹਿ ਕੇ ਵੀ ਸਵਾਇਆ ਹੋਵੇ, “ਸੌਂ ਜੋ ਪੁੱਤ, ਅੱਜ ਰੋਟੀ ਨ੍ਹੀ ਖਾਣੀ, ਵੇਖ ਕੱਲ ਤੈਨੂੰ ਉਲਟੀ ਆਗੀ ਸੀ ਨਾ, ਉਹ ਪੁੱਤ ਬਾਹਲੀ ਰੋਟੀ ਖਾਣ ਕਰਕੇ ਆਈ ਸੀ……”
“ਪਰ ਬੇਬੇ ਬੀਰੋ ਮਾਸੀ ਤਾਂ ਆਹਦੀ ਸੀ ਬੀ ਉਲਟੀ ਭੁੱਖੇ ਢਿੱਡ ਕਰਕੇ ਆਈ ਸੀ……”
“ਬੀਰੋ ਨੂੰ ਸਵਾਹ ਪਤੈ……” ਤੇ ਏਨਾ ਕਹਿੰਦਿਆ ਭੈਣ ਜੀ ਦੇ ਹੰਝੂ ਡੁੱਲਦੇ ਹੋਣਗੇ।
ਜੇ ਕਦੇ ਗੁਆਂਢੀਆਂ ਦੇ ਬੰਟੀ ਨੂੰ ਸੇਬ ਖਾਂਦੇ ਵੇਖ ਕੇ ਇਹਨਾਂ ਦੇ ਬੱਚੇ ਕਹਿੰਦੇ ਹੋਣਗੇ, “ਬੇਬੇ ਆਪਾਂ ਕਦੇ ਸੇਬ ਕਿਉਂ ਨਈ ਖਾਂਦੇ……”
ਤਾਂ ਭੈਣ ਜੀ ਅੱਗੋਂ ਕਹਿੰਦੇ ਹੋਣਗੇ, “ਨਹੀਂ ਪੁੱਤ ਸੇਬ ਠੰਡ ‘ਚ ਚੰਗੇ ਨ੍ਹੀ ਹੁੰਦੇ…… ਬੰਟੀ ਤਾਂ ਤਾਂ ਖਾਂਦੇ ਬੀ ਓਹਦੇ ਕੋਲੇ ਕੋਟੀਆਂ ਕੋਟ ਹੈਗੇ ਨੇ…… ਪਰ ਆਪਣੇ ਕੋਲ ਤਾਂ ਪਾਟੇ ਖੇਸ……”
ਪੰਥ ਨੂੰ ਦੋਹੇਂ ਹੱਥ ਜੋੜ ਕੇ ਬੇਨਤੀ ਹੈ ਕਿ ਜਥੇਦਾਰ ਭਾਈ ਹੁਸਨ ਸਿੰਘ ਦੇ ਇਸ ਰੁਲਦੇ ਪਰਿਵਾਰ ਦੀ ਬਾਂਹ ਫੜ੍ਹੇ। ਉਸੇ ਹੁਸਨੇ ਦੇ ਪਰਿਵਾਰ ਦੀ, ਜੀਹਨੂੰ ਫੜ੍ਹਨ ਲਈ ਪਹਿਲਾਂ ਦੁੱਧ ਵਿਚ ਜਹਿਰ ਦਿੱਤਾ ਗਿਆ ਫੇਰ ਲੱਤਾਂ ਵਿਚ ਬਰਸਟ ਮਾਰਿਆ ਗਿਆ ਤੇ ਪਿੱਛੋਂ ਥਾਣੇ ਵਿਚ ਹਥੌੜੇ ਨਾਲ ਹੱਥਾਂ ਅਤੇ ਸਿਰ ਦਾ ਕਚੂਮਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ, ਪਰ ਉਸ ਸ਼ੇਰ ਦੇ ਬੱਚੇ ਨੇ ਜਬਾਨ ਨਹੀਂ ਖੋਲੀ।
ਹਕੂਮਤ ਨੇ ਭਾਈ ਸਾਹਿਬ ਨੂੰ ਫੜ੍ਹਾਉਣ ਵਾਲੇ ਟਾਊਟ ਦੀਆਂ ਨੂੰਹਾਂ ਤੱਕ ਦੀ ਪੈਨਸ਼ਨ ਲਾਈ ਹੋਈ ਹੈ। ਪਿਛਲੀ ਕੈਪਟਨ ਸਰਕਾਰ ਵੇਲੇ ਉਸ ਟਾਊਟ ਦੇ ਪਰਿਵਾਰ ਨੂੰ ਡੇਢ ਲੱਖ ਰੁਪਏ ਦੇ ਸਰਕਾਰੀ ਮਦਦ ਦਿੱਤੀ ਗਈ, ਭਾਵੇਂ ਕਿ ਉਹ ਪਹਿਲਾਂ ਵੀ ਸਰਮਾਏਦਾਰ ਹੈ ਤੇ ਸਰਕਾਰ ਦੀ ਸ਼ਹਿ ’ਤੇ ਸਮਗਲਿੰਗ ਕਰਦਾ ਹੈ।
ਪਰ ਕੀ ਅਸੀਂ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ। ਕੀ ਉਹਨਾਂ ਸ਼ਹੀਦਾਂ ਦੇ ਪਰਿਵਾਰ ਤੇ ਬੱਚੇ ਇੰਝ ਹੀ ਤਰਸਦੀਆਂ ਅੱਖਾਂ ਨਾਲ ਝਾਕਦੇ ਤੇ ਲੋਕਾਂ ਦੇ ਤਾਹਨੇ ਸੁਣਦੇ ਕਿ “ਥੋਡਾ ਪਿਉ ਅੱਤਵਾਦੀ ਸੀ……” ਮਰ ਜਾਣਗੇ। ਮੈਂ ਮੰਨਦਾਂ ਕਿ ਸ਼ਹੀਦਾਂ ਦੇ ਨਾਮ ’ਤੇ ਠੱਗਾਂ ਨੇ ਤੁਹਾਥੋਂ ਬਹੁਤ ਉਗਰਾਹੀ ਕੀਤੀ ਹੈ ਪਰ ਫਿਰ ਵੀ ਅਸੀਂ ਚੁੱਪ ਕਰਕੇ ਤਾਂ ਨਹੀਂ ਬੈਠ ਸਕਦੇ। ਤੁਸੀਂ ਆਪ ਸ਼ਹੀਦਾਂ ਦੇ ਪਰਿਵਾਰਾਂ ਕੋਲ ਆਓ…… ਆਪ ਮਦਦ ਦਿਓ ਤੇ ਉਹਨਾਂ ਦਾ ਹੌਸਲਾ ਵਧਾਓ।
ਵੇਖਿਓ ਕਿਤੇ, ਕਦੇ ਕੋਈ ਸਾਡੇ ’ਤੇ ਇਹ ਦੋਖਣ ਵੀ ਨਾ ਲਾ ਦੇਵੇ ਕਿ “ਹੁਸਨਾ ਵਿਚਾਰਾ ਜਾਤ ਦਾ ਮਜਵੀ ਸੀ ਨਾ ਇਸ ਲਈ ਅੱਜ ਤੱਕ ਕੋਈ ਓਹਦੇ ਘਰੇ ਨਹੀਂ ਵੜ੍ਹਿਆ……” …ਵੇਖਿਓ ਕਿਤੇ……
ਜਗਦੀਪ ਸਿੰਘ ਫਰੀਦਕੋਟ (9815763313) (001-5107156799)







KE SADI JAMIR MAR GAI HAI .