ਡੇਰਾ ਮੁਖੀ ਪੇਸ਼ੀ ਤੋਂ ਗੈਰ ਹਾਜ਼ਰ
Aug 24th, 2008 | By jagdeep | Category: News (ਖ਼ਬਰਾਂ)ਡੇਰਾ ਮੁਖੀ ਜਿਸ ‘ਤੇ ਅੱਜ ਸੀਬੀਆਈ ਦੀ ਅੰਬਾਲਾ ਸਥਿਤ ਵਿਸ਼ੇਸ਼ ਅਦਾਲਤ ਵਿੱਚ ਡੇਰਾ ਸਿਰਸਾ ਦੀਆਂ ਸਾਧਵੀਆਂ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿੱਚ ਦੋਸ਼ ਆਇਦ ਹੋਣੇ ਸਨ, ਅੱਜ ਤੀਜੀ ਵਾਰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਡੇਰਾ ਮੁਖੀ ਦੇ ਵਕੀਲ ਡਾ. ਸੂਰੀਆ ਪ੍ਰਸਾਦ ਨੇ ਮਾਣਯੋਗ ਜੱਜ ਏਕੇ ਵਰਮਾ ਨੂੰ ਡੇਰਾ ਮੁਖੀ ਦਾ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਅਦਾਲਤੀ ਪੇਸ਼ੀ ਤੋਂ ਛੋਟ ਦੀ ਬੇਨਤੀ ਕੀਤੀ ਜਿਸ ਦਾ ਸੀਬੀਆਈ ਦੇ ਵਕੀਲ ਐਡਵੋਕੇਟ ਐਚਪੀਐਸ ਵਰਮਾ ਅਤੇ ਸਿੱਖ ਜਥੇਬੰਦੀਆਂ ਤਰਫੋਂ ਵਕੀਲ ਐਡਵਕੇਟ ਗੁਰਸ਼ੇਰ ਸਿੰਘ ਸੂਲਰ ਨੇ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਡੇਰਾ ਮੁਖੀ ਮਾਣਯੋਗ ਅਦਾਲਤ ਵੱਲੋਂ ਉਸ ਨੂੰ ਦਿੱਤੀ ਜ਼ਮਾਨਤ ਦਾ ਨਜਾਇਜ਼ ਫਾਇਦਾ ਉਠਾ ਰਿਹਾ ਹੈ, ਇਸ ਲਈ ਉਸਦੀ ਜ਼ਮਾਨਤ ਰੱਦ ਕਰਕੇ ਉਸ ਵਿਰੁੱਧ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਜਾਣ।
ਉਨ੍ਹਾਂ ਮੰਗ ਕੀਤੀ ਕਿ ਡੇਰਾ ਮੁਖੀ ਦੀ ਅਦਾਲਤ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾਵੇ। ਦੋਵੇਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਉਪਰੰਤ ਮਾਣਯੋਗ ਅਦਾਲਤ ਨੇ ਡੇਰਾ ਮੁਖੀ ਵਿਰੁੱਧ ਦਰਜ ਤਿੰਨੋਂ ਮਾਮਲਿਆਂ ਦੀ ਅਗਲੀ ਤਾਰੀਖ਼ 6 ਸਤੰਬਰ ਨਿਰਧਾਰਤ ਕਰਦਿਆਂ ਡੇਰਾ ਮੁਖੀ ਦੇ ਵਕੀਲਾਂ ਨੂੰ ਇਸ ਤਾਰੀਖ਼ ‘ਤੇ ਡੇਰਾ ਮੁਖੀ ਨੂੰ ਹਰ ਹਾਲਤ ਵਿੱਚ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਅਦਾਲਤੀ ਕਾਰਵਾਈ ਨਿਰਵਿਘਨ ਚਲਾਈ ਜਾ ਸਕੇ। ਇਨ੍ਹਾਂ ਵਕੀਲਾਂ ਨੇ ਦੱਸਿਆ ਕਿ ਡੇਰਾ ਮੁਖੀ ਦੇ ਵਕੀਲਾਂ ਨੇ ਅਦਾਲਤ ਵਿੱਚ ਵਾਅਦਾ ਕੀਤਾ ਕਿ ਉਹ 6 ਸਤੰਬਰ ਦੀ ਪੇਸ਼ੀ ‘ਤੇ ਡੇਰਾ ਮੁਖੀ ਨੂੰ ਹਰ ਹਾਲਤ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਕਰਨਗੇ। ਇਨ੍ਹਾਂ ਵਕੀਲਾਂ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਡੇਰਾ ਮੁਖੀ ਵਿਰੁੱਧ ਡੇਰੇ ਦੀਆਂ ਸਾਧਵੀਆਂ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿੱਚ ਦੋਸ਼ ਆਇਦ ਹੋਣੇ ਸਨ, ਜਿਹੜੇ ਕਿ ਮੁਲਜ਼ਮ ਦੇ ਅਦਾਲਤ ‘ਚ ਹਾਜ਼ਰ ਨਾ ਹੋਣ ਕਾਰਨ ਆਇਦ ਨਹੀਂ ਕੀਤੇ ਜਾ ਸਕੇ।






