ਦਿੱਲੀ ਦਾ ਪੁਲਿਸ ਮੁਕਾਬਲਾ
Oct 23rd, 2008 | By hsdhillon | Category: Editorials (ਸੰਪਾਦਕੀ)ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਜਧਾਨੀ ਵਿਚ ਦਿਨ ਦਿਹਾੜੇ ਪੁਲਿਸ ਨੇ ਜਾਮੀਆ ਨਗਰ ਦੇ ਇਕ ਮਕਾਨ ਵਿਚ ਲੁਕੇ ਹੋਏ ਦੋ ‘ਅੱਤਵਾਦੀਆਂ’ ਸਾਜਿਦ ਅਤੇ ਅਤੀਫ ਨੂੰ ਮੁਕਾਬਲੇ ਵਿਚ ਮਾਰ ਦਿੱਤਾ। ਪੁਲਿਸ ਅਨੁਸਾਰ ਅਤੀਫ ਦਿੱਲੀ, ਅਹਿਮਦਾਬਾਦ ਅਤੇ ਜੈਪੁਰ ਵਿਚ ਹੋਏ ਬੰਬ ਧਮਾਕਿਆਂ ਲਈ ਮੁੱਖ ਜ਼ਿੰਮੇਵਾਰ ਸੀ। ਹਿੰਦੀ ਅਤੇ ਅੰਗਰੇਜ਼ੀ ਦੇ ਚੈਨਲਾਂ ਨੇ ਇਸ ਮੁਕਾਬਲੇ ਬਾਰੇ ਅਤੇ ਇਨਾਂ ਦੋ ਮੁੰਡਿਆਂ ਬਾਰੇ ਵੱਧ ਤੋਂ ਵੱਧ ਅਤੇ ਤਾਜ਼ੀ ਤੋਂ ਤਾਜ਼ੀ ਖਬਰ ਦਿੱਤੀ। ਇਸ ਵਧੇਰੇ ਜਾਣਕਾਰੀ ਨੇ ਅਤੇ ਪੁਲਿਸ ਦੀ ਫੁਰਤੀ ਨੇ ਕੁਝ ਲੋਕਾਂ ਦੇ ਮਨ ਵਿਚ ਸ਼ੰਕਾ ਪੈਦਾ ਕਰ ਦਿੱਤੀ। ਜਿਸ ਕਰਕੇ ਕੁਝ ਪੱਤਰਕਾਰ, ਵਿਦਵਾਨ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਸ ਘਟਨਾ ਦੀ ਸੱਚਾਈ ਜਾਣਨ ਲਈ ਉਸ ਥਾਂ ਦਾ ਦੌਰਾ ਕੀਤਾ ਅਤੇ ਆਸੇ ਪਾਸੇ ਦੇ ਮੁਕਾਬਲਾ ਦੇਖਣ ਵਾਲੇ ਲੋਕਾਂ ਨੂੰ ਵੀ ਮਿਲੇ। ਉਪਰੰਤ ਉਨਾਂ ਨੇ ਕੁਝ ਸੁਆਲ ਲੋਕਾਂ ਸਾਹਮਣੇ ਰੱਖੇ।
1. ਸਭ ਤੋਂ ਪਹਿਲੀ ਗੱਲ ਇਹ ਅਤੀਫ ਅਤੇ ਉਸਦੇ ਚਾਰੇ ਸਾਥੀ ਅਗਸਤ ਮਹੀਨੇ ਦੇ ਸ਼ੁਰੂ ਵਿਚ ਇਸ ਮਕਾਨ ਵਿਚ ਰਹਿਣ ਲਈ ਆਏ ਤਾਂ ਉਨਾਂ ਦੀ ਪੁਲਿਸ ਵਲੋਂ ਪੂਰੀ ਤਰਾਂ ਪੜਤਾਲ ਕੀਤੀ ਗਈ। ਉਨਾਂ ਦੇ ਪੱਕੇ ਪਤੇ ਹੋਰ ਸਾਰਾ ਕੁਝ ਵੇਰਵਾ ਲਿਆ ਗਿਆ, ਜੋ ਸਹੀ ਪਾਇਆ ਗਿਆ। ਪੱਤਰਕਾਰਾਂ ਨੇ ਇਸ ਮਾਮਲੇ ਵਿਚ ਸਵਾਲ ਉਠਾਇਆ ਕਿ ਜੇ ਸੱਚਮੁਚ ਹੀ ਅਤੀਫ ਸਾਰੇ ਬੰਬ ਧਮਾਕਿਆਂ ਲਈ ਮੁੱਖ ਦੋਸ਼ੀ ਸੀ ਤਾਂ ਉਸਨੇ ਅਹਿਮਦਾਬਾਦ ਵਿਚ ਬੰਬ ਧਮਾਕਿਆਂ ਤੋਂ ਇਕ ਹਫਤੇ ਬਾਅਦ ਹੀ ਅਤੇ ਦਿੱਲੀ ਬੰਬ ਧਮਾਕਿਆਂ ਤੋਂ ਮਹੀਨਾ ਪਹਿਲਾਂ ਆਪਣੇ ਆਪ ਨੂੰ ਸਾਥੀਆਂ ਨੂੰ ਪੁਲਿਸ ਦੀ ਪੁਛ ਪੜਤਾਲ ਵਿਚੋਂ ਲੰਘਾਉਣ ਦਾ ਖਤਰਾ ਕਿਉਂ ਸਹੇੜਿਆ?
2. ਜਿਸ ਮਕਾਨ ਵਿਚ ਇਹ ਪੰਜੇ ਜਣੇ ਰਹਿੰਦੇ ਸਨ ਉਸਦਾ ਇਕੋ ਹੀ ਰਸਤਾ ਹੈ, ਉਹ ਵੀ ਉਪਰੋਂ ਢਕਿਆ ਹੋਇਆ। ਜਦੋਂ ਪੁਲਿਸ ਇਹ ਕਹਿ ਰਹੀ ਹੈ ਕਿ ਦੋ ਸਾਥੀ ਭੱਜਣ ਵਿਚ ਸਫਲ ਹੋ ਗਏ ਤਾਂ ਸਵਾਲ ਹੈ ਕਿ ਇਸ ਬਿਲਡਿੰਗ ਨੂੰ ਪੁਲਿਸ ਨੇ ਪੂਰੀ ਤਰਾਂ ਘੇਰਿਆ ਹੋਇਆ ਸੀ ਉਸ ਵਿਚੋਂ ਕਿਹੜੇ ਰਸਤੇ ਉਹ ਦੋ ਬੰਦੇ ਬਚ ਨਿਕਲੇ
3. ਮੀਡੀਏ ਵਿਚ ਆਈਆਂ ਖਬਰਾਂ ਮੁਤਾਬਕ ਪੁਲਿਸ ਕੋਲ ਪੂਰੀ ਜਾਣਕਾਰੀ ਸੀ ਸਕਿ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਇਸ ਥਾਂ ’ਤੇ ਠਹਿਰੇ ਹੋਏ ਹਨ ਫਿਰ ਕੀ ਵਜਾ ਸੀ ਕਿ ਦਰਜਨਾਂ ਪੁਲਿਸ ਮੁਕਾਬਲਿਆਂ ਦਾ ਮਾਹਰ ਇੰਸਪੈਕਟਰ ਮੋਹਨ ਚੰਦ ਸ਼ਰਮਾ ਬਿਨਾਂ ਬੂਲਟ ਪਰੂਫ ਜੈਕਟ ਤੋਂ ਇਸ ਕਾਰਵਾਈ ਵਿਚ ਹਿੱਸਾ ਲੈ ਰਿਹਾ ਸੀ। ਕੀ ਉਸ ਨੂੰ ਆਪਣੇ ਆਪ ਉਪਰ ਜ਼ਿਆਦਾ ਭਰੋਸਾ ਸੀ ਜਾਂ ਉਸਦੀ ਮੌਤ ਦਾ ਕੋਈ ਹੋਰ ਕਾਰਨ ਹੈ, ਜਿਨਾਂ ਗੋਲੀਆਂ ਲੱਗਣ ਨਾਲ ਉਸਦੀ ਮੌਤ ਹੋਈ ਹੈ ਉਨਾਂ ਦੀ ਪੜਤਾਲ ਵੀ ਲੋਕਾਂ ਸਾਹਮਣੇ ਰੱਖੀ ਜਾਵੇਗੀ?
4. ਆਸੇ ਪਾਸੇ ਦੇ ਲੋਕਾਂ ਨੇ ਦੱਸਿਆ ਕਿ ਮੁਕਾਬਲਾ ਖਤਮ ਹੋਣ ਤੋਂ ਬਾਅਦ ਉਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਮਕਾਨ ਦੀ ਛੱਤ ਉਪਰ ਚੜ ਕੇ ਹਵਾ ਵਿਚ ਗੋਲੀਆਂ ਚਲਾਉਂਦੇ ਵੇਖਿਆ ਅਤੇ ਕੁਝ ਨੂੰ ਉਸ ਮਕਾਨ ਦੇ ਸ਼ੀਸ਼ੇ ਭੰਨਦਿਆਂ ਅਤੇ ਗਮਲੇ ਵਗੈਰਾ ਸੁੱਟਦਿਆਂ ਦੇਖਿਆ। ਪੁਲਸ ਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਕਿਉਂ ਪਈ?
5. ਪੁਲਿਸ ਨੇ ਧਾਵਾ ਕੀਤਾ ਹੈ ਕਿ ਉਨਾਂ ਕੋਲੋਂ ਇਕ ਏ.ਕੇ.47 ਅਤੇ ਇਕ ਪਿਸਤੌਲ ਬਰਾਮਦ ਕੀਤੇ ਗਏ। ‘ਟਾਇਮਜ਼ ਆਫ ਇੰਡੀਆ’ ਦੀ ਖਬਰ ਮੁਤਾਬਕ ਸਿਰਫ ਪੁਲਿਸ ਦੁਆਰਾ ਹੀ ਏ.ਕੇ. ਸੰਤਾਲੀ ਦੀ ਵਰਤੋਂ ਕੀਤੀ ਗਈ। ਪੱਤਰਕਾਰਾਂ ਦਾ ਸਵਾਲ ਸੀ ਕਿ ਅਜਿਹੇ ਮੌਕੇ ਸ਼ੱਕੀ ‘ਅੱਤਵਾਦੀ’ ਨੇ ਏ.ਕੇ. ਸੰਤਾਲੀ ਵਰਗੇ ਮਾਰੂ ਹਥਿਆਰਾਂ ਦੀ ਥਾਂ ਪਿਸਤੌਲ ਦੀ ਵਰਤੋਂ ਕਿਉਂ ਕੀਤੀ? ਕੀ ਇਹ ਰਿਪੋਰਟ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ ਕਿ ਇੰਸਪੈਕਟਰ ਸ਼ਰਮਾ ਦੀ ਮੌਤ ਪਿਸਤੌਲ ਦੀਆਂ ਗੋਲੀਆਂ ਲੱਗਣ ਕਾਰਨ ਹੋਈ?
ਇਸ ਤੋਂ ਬਿਨਾਂ ਕੁਝ ਹੋਰ ਹਵਾਲੇ ਹਨ ਜਿਹੜੇ ਇਸ ਮੁਕਾਬਲੇ ਦੇ ਸੱਚਾਈ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਦੇ ਹਨ। ਅਖਬਾਰਾਂ ਵਿਚ ਛਪੀਆਂ ਫੋਟੋਆਂ ਮੁਤਾਬਕ ਇੰਸਪੈਕਟਰ ਸ਼ਰਮਾ ਦੀ ਚਿੱਟੀ ਕਮੀਜ਼ ’ਤੇ ਅਗਲੇ ਪਾਸਿਓਂ ਕੋਈ ਵੀ ਨਿਸ਼ਾਨ ਨਹੀਂ ਸੀ। ਉਸਨੂੰ ਸਿਰਫ ਪਿਛਲੇ ਪਾਸਿਓਂ ਹੀ ਗੋਲੀਆਂ ਲੱਗੀਆਂ। ਇਕ ਬੂਹੇ ਮਕਾਨ ਵਿਚੋਂ ਇਹ ਕਿਸ ਤਰਾਂ ਸੰਭਵ ਹੋਇਆ ਕੀ ਪੁਲਿਸ ਅਫਸਰ ਨੂੰ ਪਿਛੋਂ ਤੋਂ ਗੋਲੀ ਵੱਜ ਗਈ? ਮਾਰੇ ਗਏ ਨੌਜਵਾਨਾਂ ਦੇ ਸਰੀਰ ਉਪਰ ਗੋਲੀਆਂ ਦੇ ਨਿਸ਼ਾਨ ਤੋਂ ਬਿਨਾਂ ਲੁੱਟਮਾਰ ਦੇ ਨਿਸ਼ਾਨ ਵੀ ਸਨ। ਇਹ ਕਿਹੜੀ ਗੱਲ ਦਾ ਪ੍ਰਤੀਕ ਹਨ? ਦਿੱਲੀ ਪੁਲਿਸ ਵਲੋਂ ਇਹ ਵੀ ਕਿਹਾ ਗਿਆ ਕਿ “ਅਤੀਫ ਨੇ ਆਪਣੇ ਇਲਾਕੇ ਦੇ ਬੈਂਕ ਰਾਹੀਂ ਕਰੋੜਾਂ ਰੁਪਏ ਦਾ ਲੈਣ ਦੇਣ ਕੀਤਾ ਪਰ ਪੱਤਰਕਾਰਾਂ ਵਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਸਦੇ ਖਾਤੇ ਵਿਚ ਕੁਲ 1400/- ਰੁਪਏ ਹੀ ਸਨ। ਤੇ ਦੋ ਮਹੀਨੇ ਪਹਿਲਾਂ ਤਕ ਹੋਰ ਕੋਈ ਲੈਣ ਦੇਣ ਨਹੀਂ ਸੀ ਹੋਇਆ।
ਇਕ ਰਿਪੋਰਟ ਅਨੁਸਾਰ ਪੁਲਿਸ ਨੇ ਚੌਥੀ ਮੰਜ਼ਿਲ ’ਤੇ ਰਹਿੰਦੇ ਇਨਾਂ ਨੌਜਵਾਨਾਂ ਨੂੰ ਫੜਕੇ ਥੱਲੇ ਲਿਆਂਦਾ ਅਤੇ ਉਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਹੀ ਪੁਲਿਸ ਦੇ ਕਿਸੇ ਵਿਅਕਤੀ ਤੋਂ ਆਪੇ ਹੀ ਗੋਲੀ ਚੱਲ ਪਈ ਜਿਸ ਨਾਲ ਇੰਸਪੈਕਟਰ ਸ਼ਰਮਾ ਜ਼ਖਮੀ ਹੋ ਗਏ। ਘਬਰਾਹਟ ਤੇ ਨਫਰਤ ਦੇ ਮਾਹੌਲ ਵਿਚ ਪੁਲਿਸ ਨੇ ਇਨਾਂ ਫੜੇ ਹੋਏ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਬਹੁਤ ਛੇਤੀ ਨਾਲ ਇਸ ਕਾਰਵਾਈ ਨੂੰ ਮੁਕਾਬਲੇ ਦਾ ਰੂਪ ਦੇਣ ਵਿਚ ਅਨੇਕਾਂ ਖਾਮੀਆਂ ਰਹਿ ਗਈਆਂ। ਇਨਾਂ ਪ੍ਰਸ਼ਨਾਂ ਦੇ ਬਾਵਜੂਦ ਵੱਡੀ ਗੱਲ ਇਹ ਹੈ ਕਿ ਜੇ ਇਸ ਮੁਕਾਬਲੇ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਵੀ ਜਿਹੜਾ ਨਜ਼ਰੀਆ ਮੀਡੀਏ ਅਤੇ ਲੋਕਾਂ ਨੇ ਇਸ ਮੁਕਾਬਲੇ ਪ੍ਰਤੀ ਬਣਾਇਆ ਉਹ ਵਧੇਰੇ ਧਿਆਨ ਦੀ ਮੰਗ ਕਰਦਾ ਹੈ। ਪਹਿਲੀ ਗੱਲ ਇਹ ਕਿ ਜਿਸ ਬੰਦੇ ਨੂੰ ਸ਼ੱਕੀ ਮੰਨਿਆ ਗਿਆ ਹੈ, ਉਸ ਨੂੰ ਮਾਰਨ ਕਿਉਂ ਜ਼ਰੂਰੀ ਹੈ? ਉਸਨੂੰ ਫੜਕੇ ਕਾਨੂੰਨ ਅਨੁਸਾਰ ਦੋਸ਼ ਸਾਬਤ ਕਰਨ ਤੋਂ ਬਾਅਦ ਸਜ਼ਾ ਦੇਣ ਦੀ ਲੋੜ ਕਿਉਂ ਨਹੀਂ ਸਮਝੀ ਜਾਂਦੀ? ਦੂਜੀ ਗੱਲ ਕਿਸੇ ਦਾ ਮੁਸਲਮਾਨ ਜਾਂ ਸਿੱਖ ਹੋਣਾ ਹੀ ਉਸਦੇ ‘ਅੱਤਵਾਦੀ’ ਹੋਣ ਦਾ ਸਬੂਤ ਕਿਉਂ ਬਣ ਜਾਂਦਾ ਹੈ। ਕਰੋੜਾਂ ਦੀ ਆਬਾਦੀ ਇਸ ਗੱਲ ਬਾਰੇ ਖਾਮੋਸ਼ ਕਿਉਂ ਰਹਿੰਦੀ ਹੈ?
ਪਿਛਲੇ ਵੀਹ ਕੁ ਵਰਿਆਂ ਤੋਂ ਹਿੰਦੀ ਵਿਚ ਦਰਜਨਾਂ ਫਿਲਮਾਂ ਬਣੀਆਂ ਹਨ ਜਿਨਾਂ ਵਿਚ ਨਾਮੀ ਗ੍ਰਾਮੀ ਹੀਰੋ ਪੁਲਿਸ ਅਫਸਰ ਵਜੋਂ ‘ਅੱਤਵਾਦੀਆਂ’ ਨੂੰ ਇਸੇ ਤਰੀਕੇ ਨਾਲ ਖਤਮ ਕਰਦੇ ਦਿਖਾਏ ਗਏ ਹਨ। ਅਸਲ ਵਿਚ ਮੀਡੀਏ ਰਾਹੀਂ ਲੋਕਾਂ ਦੇ ਮਨਾਂ ਵਿਚ ਇਹ ਧਾਰਨਾ ਪੱਕੀ ਕੀਤੀ ਜਾ ਰਹੀ ਹੈ ਕਿ ਜਿਨਾਂ ਨੂੰ ‘ਅੱਤਵਾਦੀ’ ਕਿਹਾ ਜਾਵੇ ਉਨਾਂ ਦਾ ਹੱਲ ਝੂਠਾ ਪੁਲਿਸ ਮੁਕਾਬਲਾ ਹੀ ਹੈ। ਅਨੇਕਾਂ ਫਿਲਮਾਂ ਦੇ ਇਸ ਤਰਾਂ ਦੇ ਵਾਰਤਾਲਾਪ ਹਨ ਕਿ ‘ਅੱਤਵਾਦੀ’ ਕਾਨੂੰਨ ਦੀ ਪਕੜ ’ਚੋਂ ਬਚ ਜਾਂਦੇ ਹਨ ਇਸ ਕਰਕੇ ਇਨਾਂ ਨੂੰ ਸਜ਼ਾ ਦੇਣ ਦਾ ਇਹੀ ਤਰੀਕਾ ਹੈ। ਦੂਜਾ ਤਰਕ ਫਿਲਮਾਂ ਇਹ ਸਿਰਜਦੀਆਂ ਹਨ ਕਿ ਹਥਿਆਰ ਉਠਾਉਣ ਦਾ ਕਾਰਨ ਸਿਰਫ ਦੁਸ਼ਮਣ ਦੇਸ਼ ਦੀ ਸਾਜਿਸ਼ ਹੈ ਇਹ ਕਿਸੇ ਦੀ ਹੱਕੀ ਮਜ਼ਬੂਰੀ ਜਾਂ ਆਤਮ ਰੱਖਿਆ ਦਾ ਰਾਹ ਨਹੀਂ ਹੁੰਦਾ। ਇਨਾਂ ਲੀਹਾਂ ’ਤੇ ਚੱਲਦਿਆਂ ਹੀ ਦਿੱਲੀ ਪੁਲਿਸ ਮੁਕਾਬਲੇ ਬਾਰੇ ਲੱਖਾਂ ਲੋਕਾਂ ਨੇ ਮੀਡੀਆ ਦੁਆਰਾ ਇਨਾਂ ਮੁਸਲਮਾਨਾਂ ਨੌਜਵਾਨਾਂ ਦੀ ਮਿੱਟੀ ਪਲੀਤ ਦੇ ਪ੍ਰੋਗਰਾਮਾਂ ਨੂੰ ਬੜੇ ਸਹਿਜ ਨਾਲ ਦੇਖਿਆ ਅਤੇ ਅਖਬਾਰਾਂ ਤੇ ਚੈਨਲਾਂ ਨੇ ਖਬਰਾਂ ਵੀ ਉਸ ਤਰਾਂ ਹੀ ਲਾਇਆ ਜਿਸ ਤਰਾਂ ਕਿ ਪੁਲਿਸ ਨੇ ਕਿਹਾ ਸੀ। ਪੰਜਾਬ ਦੇ ਲੋਕਾਂ ਨੂੰ ਅਜੇ ਵੀ ਚੇਤਾ ਹੋਵੇਗਾ ਕਿ ਕਿਵੇਂ ਲਗਾਤਾਰ ਪੰਦਰਾ-ਵੀਹ ਵਰੇ ਪੰਜਾਬ ਦੀਆਂ ਅਖਬਾਰਾਂ ਵਿਚ ਇਹ ਛਪਦਾ ਰਿਹਾ ਕਿ “ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਸ਼ੱਕੀ ਵਿਅਕਤੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨਾਂ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ। ਜੁਆਬੀ ਫਾਇਰਿੰਗ ਵਿਚ ਐਨੇ ਮਾਰੇ ਗਏ, ਐਨੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਸਫਲ ਹੋ ਗਏ।” ਪਰ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦਾ ਰਿਕਾਰਡ ਤੋੜ ਦਿੱਤਾ। ਉਨਾਂ ਰਾਤ ਦੀ ਬਜਾਏ ਦਿਨੇਂ ਅਤੇ ਖੁੱਲੇ ਥਾਂ ਦੀ ਵਜਾਏ ਇਕ ਬੂਹੇ ਮਕਾਨ ਵਿਚੋਂ ਹੀ ‘ਅੱਤਵਾਦੀ’ ਭੱਜਦੇ ਦਿਖਾ ਦਿੱਤੇ।





