ਸੁਖਬੀਰ ਬਾਦਲ, ਸੈਕਸ ਸਕੈਂਡਲ ਦੇ ਦੋਸ਼ੀ ਮੱਖਣ ਬਰਾੜ ਨੂੰ ਮਿਲ ਕੇ ਆਪਣੇ ਅੰਦਰ ਬੈਠੀ ਹੈਵਾਨੀਅਤ ਨੂੰ ਹੀ ਉਜਾਗਰ ਕਰ ਰਿਹੈ :- ਮਾਨ
Nov 15th, 2008 | By hsdhillon | Category: News (ਖ਼ਬਰਾਂ)“ਸ: ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸ਼੍ਰੀ ਸੁਖਬੀਰ ਬਾਦਲ ਵੱਲੋਂ ਜੋ ਪਟਿਆਲੇ ਜੇਲ ਵਿੱਚ ਜਾ ਕੇ ਬੀਬੀਆਂ ਨੂੰ ਬਲੈਕਮੇਲ ਕਰਕੇ ਧੰਦੇ ਵਿੱਚ ਧਕੇਲਣ ਵਾਲੇ “ਮੱਖਣ ਬਰਾੜ” ਨੂੰ ਮਿਲਣ ਦੀ ਕਾਰਵਾਈ ਨੇ ਸੁਖਬੀਰ ਬਾਦਲ ਵਿੱਚ ਛਿਪੀ ਬੈਠੀ ਹੈਵਾਨੀਅਤ ਨੂੰ ਖੁਦ ਹੀ ਉਜਾਗਰ ਕਰ ਦਿੱਤਾ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਨੇ ਸੁਖਬੀਰ ਬਾਦਲ ਦੀਆਂ ਹੁਣ ਤੱਕ ਗੈਰ ਸੰਜੀਦਾ ਅਤੇ ਗੈਰ ਇਖਲਾਕੀ ਕਾਰਵਾਈਆਂ ਦਾ ਸਖਤ ਨੋਟਿਸ ਲੈਂਦੇ ਹੋਏ ਇੱਕ ਲਿਖਤੀ ਬਿਆਨ ਵਿੱਚ ਪ੍ਰਗਟਾਏ। ਸ:ਮਾਨ ਨੇ ਬੀਤੇ ਸਮੇਂ ਦੀਆਂ ਸੱਚਾਈਆਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੀਆਂ ਮਹਾਨ ਅਰਥ ਭਰਪੂਰ ਕੁਰਬਾਨੀਆਂ ਅਤੇ ਇਤਿਹਾਸਿਕ ਕਾਰਨਾਮਿਆਂ ਨੂੰ ਨਜ਼ਰ ਅੰਦਾਜ਼ ਕਰਕੇ, ਬਹੁਤ ਸਾਰੇ ਟਕਸਾਲੀ ਬਜ਼ੁਰਗ ਆਗੂਆਂ ਦੇ ਹੱਕਾਂ ਨੂੰ ਕੁਚਲ ਕੇ ਪਹਿਲੇ ਆਪਣੇ ਲਾਡਲੇ ਸੁਖਬੀਰ ਬਾਦਲ ਨੂੰ ਜ਼ਬਰੀ ਰਾਜ ਸਭਾ ਦਾ ਮੈਂਬਰ ਬਣਾਇਆ। ਫਿਰ ਜਦੋਂ ਸੈਂਟਰ ਵਿੱਚ ਸ਼੍ਰੀ ਵਾਜਪਾਈ ਦੀ ਸਰਕਾਰ ਬਣੀ ਤਾਂ ਸ: ਬਾਦਲ ਸ਼੍ਰੀ ਵਾਜਪਾਈ ਨੂੰ ਆਪਣੇ ਪੁੱਤਰ ਨੂੰ ਵਜ਼ੀਰ ਬਣਾਉਣ ਲਈ ਜੋਰ ਪਾਉਦੇ ਰਹੇ। ਕਿਉਂਕਿ ਸੈਂਟਰ ਦੀਆਂ ਖੁਫੀਆਂ ਏਜੰਸੀਆਂ ਆਈ ਬੀ ਅਤੇ ਰਾਅ ਨੇ ਸ਼੍ਰੀ ਵਾਜਪਾਈ ਨੂੰ ਇਹ ਰਿਪੋਰਟ ਦਿੱਤੀ “ਕਿ ਜਦੋਂ ਸੋਵੀਅਤ ਯੂਨੀਅਨ ਟੁੱਟ ਕੇ ਰੂਸ ਬਣ ਗਿਆ ਸੀ ਤਾਂ ਉੱਥੇ ਭੁੱਖਮਰੀ ਤੇ ਬੇਰੁਜ਼ਗਾਰੀ ਫੈਲਣ ਕਾਰਨ ਰੂਸ ਦੀਆਂ ਲੜਕੀਆਂ ਨੂੰ ਦਿੱਲੀ ਵਿੱਚ ਆ ਕੇ ਮਜ਼ਬੂਰਨ ਧੰਦੇ ਕਰਨੇ ਪਏ, ਉਦੋਂ ਸੁਖਬੀਰ ਬਾਦਲ ਦਾ ਰੁਝਾਨ ਇਨ੍ਹਾਂ ਰੂਸੀ ਲੜਕੀਆਂ ਵੱਲ ਹੋ ਗਿਆ ਸੀ। ਇਸ ਲਈ ਅਜਿਹੇ ਗੈਰ ਸੰਜੀਦਾ ਇਨਸਾਨ ਨੂੰ ਵਜ਼ੀਰ ਬਣਾਉਣਾ ਖਤਰੇ ਤੋਂ ਖਾਲੀ ਨਹੀਂ। ਇਸ ਲਈ ਸ਼੍ਰੀ ਵਾਜਪਾਈ ਨੇ ਉਦੋਂ ਇਸਨੂੰ ਵਜ਼ੀਰ ਨਹੀਂ ਬਣਾਇਆ।
ਸ਼੍ਰੀ ਮਾਨ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿੱਚ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਚਰਿੱਤਰਹੀਣ ਮੁਲਾਜ਼ਮ ਦਲਜੀਤ ਬੇਦੀ ਦੀ ਸਮੁੱਚੀ ਸਿੱਖ ਕੌਮ ਵਲੋਂ ਵਿਰੋਧਤਾ ਹੋਣ ਉਪਰੰਤ ਵੀ ਉਸਦੀ ਪਿੱਠ ਤੇ ਇਸ ਲਈ ਖਲੋ ਗਏ ਸਨ ਕਿਉਂਕਿ ਦਲਜੀਤ ਬੇਦੀ ਸੁਖਬੀਰ ਬਾਦਲ ਦੀਆਂ ਇੱਛਾਵਾਂ ਦੀ ਪੂਰਤੀ ਲਈ ਖੂਬਸੂਰਤ ਬੀਬੀਆਂ ਨੂੰ ਪੇਸ਼ ਕਰਨ ਦੀ ਜਿ਼ੰਮੇਵਾਰੀ ਨਿਭਾਉਦਾ ਸੀ। ਉਨ੍ਹਾ ਕਿਹਾ ਕਿ ਇਸੇ ਤਰਾਂ ਹੁਣ ਮੱਖਣ ਬਰਾੜ ਜੋ ਬੀਬੀਆਂ ਨੂੰ ਬਲੈਕਮੇਲ ਕਰਨ ਦਾ ਮਾਹਿਰ ਹੈ, ਉਸਦੀ ਵੀ ਸੁਖਬੀਰ ਬਾਦਲ ਨਾਲ ਇਹੋ ਡੂੰਘੀ ਸਾਂਝ ਹੈ। ਇਸ ਲਈ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਉੱਚ ਰਵਾਇਤਾਂ, ਫਰਜ਼ਾਂ, ਸਿਧਾਂਤਾ ਦਾ ਉਲੰਘਣ ਕਰਕੇ “ਮੱਖਣ ਬਰਾੜ” ਨੂੰ ਜੇਲ ਵਿੱਚੋਂ ਕਢਵਾਉਣ ਲਈ ਖੁਦ ਗਿਆ ਹੈ ਤਾਂ ਕਿ ਉਸਦੇ ਗੁਪਤ ਸੈਕਸ ਭੇਦਾਂ ਦਾ ਪਰਦਾ ਨਾ ਖੁੱਲ ਜਾਵੇ। ਸੁਖਬੀਰ ਬਾਦਲ ਦੇ ਹੁਕਮਾਂ ਤੇ ਹੀ ਬਡੂੰਗਰ ਵਰਗੇ ਅਖੌਤੀ ਧਾਰਮਿਕ ਆਗੂ ਮੱਖਣ ਬਰਾੜ ਦੇ ਕੇਸ ਦੀ ਪੈਰਵੀ ਕਰਕੇ ਸਿੱਖ ਕੌਮ ਦੇ ਇਖਲਾਕ ਨੰ ਦਾਗੀ ਕਰਨ ਵਿੱਚ ਲੱਗੇ ਹੋਏ ਹਨ।
ਉਨ੍ਹਾ ਅੰਤ ਵਿੱਚ ਕਿਹਾ ਕਿ ਜਿਸ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਰਗੇ ਹੋਣ ਅਤੇ ਜਿਸ ਵਿੱਚ ਮਜੀਠੀਆ, ਕੰਗ, ਆਹਲੂਵਾਲੀਆ, ਬੇਦੀ, ਬਲਬੀਰ ਸਿੰਘ ਪੰਨੂ, ਗੁਰਪਾਲ ਸਿੰਘ ਗੋਰਾ, ਮੱਖਣ ਬਰਾੜ, ਤੋਤਾ ਸਿੰਘ ਵਰਗੇ ਬੀਬੀਆਂ ਨੂੰ ਬਲੈਕਮੇਲ ਕਰਨ ਵਾਲੀ ਜੁੰਡਲੀ ਨੇ ਘੇਰਿਆ ਹੋਵੇ ਉੱਥੇ ਗਾਇਕਾਂ, ਨਚਾਰਾਂ, ਫਿਲਮੀ ਐਕਟ੍ਰੈਸਾਂ ਆਦਿ ਦਾ ਹੀ ਬੋਲਬਾਲਾ ਹੋਵੇਗਾ ਤੇ ਸਿੱਖ ਕੌਮ ਦੀ ਅਜਿਹੇ ਲੋਕ ਕੀ ਅਗਵਾਈ ਕਰਨਗੇ ਜਿਨ੍ਹਾਂ ਦੇ ਆਪਣੇ ਕਿਰਦਾਰ ਦਾ ਭਾਂਡਾ ਚੁਰਾਹੇ ਵਿੱਚ ਭੱਜ ਚੁੱਕਾ ਹੈ।






