Our Goal (ਸਾਡਾ ਨਿਸ਼ਾਨਾ)
“ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥”
ਫਾਂਸੀਆਂ, ਉਮਰ ਕੈਦਾਂ, ਤਸ਼ੱਦਦ, ਬੇਪੱਤੀ, ਝੂਠੇ ਮੁਕਾਬਲੇ, ਝੂਠਿਆਂ ਕੇਸਾਂ ਵਿਚ ਸਜਾਵਾਂ………… ਦੁਨੀਆਂ ਦੀਆਂ ਸਾਰੀਆਂ ਗੁਲਾਮ ਕੌਮਾਂ ਨੂੰ ਇਹਨਾਂ ਸਭ ਵਿਚੋਂ ਕੁਝ ਨਾ ਕੁਝ ਤਾਂ ਸਹਿਣਾ ਹੀ ਪੈ ਰਿਹਾ ਹੈ। ਪਰ ਅਸੀਂ ਪਿਛਲੇ 60 ਸਾਲ ਤੋਂ ਲਗਾਤਾਰ ਇਹ ‘ਸਭ ਕੁਝ’ ਹੀ ਸਹਿ ਰਹੇ ਹਾਂ। ਏਨਾ ਜ਼ੁਲਮ ਅਸੀਂ 1947 ਤੋਂ ਪਹਿਲਾਂ ਦੇ ਆਪਣੇ ਦੋ-ਢਾਈ ਸੌ ਸਾਲ ਵਿਚ ਨਹੀਂ ਸਿਹਾ ਜਿੰਨਾਂ ਸਾਨੂੰ 15 ਅਗਸਤ 1947 ਤੋਂ ਬਾਅਦ ਦੇ ਪਿਛਲੇ 60 ਸਾਲਾਂ ਵਿਚ ਸਹਿਣਾ ਪਿਆ ਹੈ। ਹਿੰਦ ਹਕੂਮਤ ਦੇ ਜ਼ੁਲਮਾਂ ਨੇ ਮੁਗਲਾਂ ‘ਤੇ ਅੰਗਰੇਜ਼ਾਂ ਸਭ ਦੇ ਜ਼ੁਲਮਾਂ ਨੂੰ ਮਾਤ ਪਾ ਦਿੱਤੀ ਹੈ।
10 ਅਕਤੂਬਰ 1947 ਦੇ ‘ਸਿਖ ਜ਼ਰਾਇਮ ਪੇਸ਼ਾ’ ਵਾਲੇ ਸਰਕੂਲਰ ਤੋਂ ਲੈ ਕੇ 31 ਜੁਲਾਈ 2007 ਵਿਚ ‘ਬੱਬਰ’ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜਾ ਤੱਕ ਦਾ 60 ਸਾਲ ਦਾ ਇਤਿਹਾਸ, ਸਿਖ ਕੌਮ ਨਾਲ ‘ਸਾਰੇ ਜਹਾਂ ਸੇ ਅੱਛੇ’? ਆਜਾਦ ਹਿੰਦੂਸਤਾਨ ਵਿਚ ਵਾਪਰੇ ਸਾਰੇ ਜ਼ੁਲਮਾਂ ਦੀ ਦਾਸਤਾਨ ਬਿਨ ਬੋਲੇ ਬਿਆਨ ਕਰ ਰਿਹਾ ਹੈ। ਸ਼ਾਇਦ ਇਹੀ ਹਨ ਉਹ ਇਨਾਮ (ਜਾਂ ਨਹਿਰੂ ਦੇ ਸ਼ਬਦਾਂ ਵਿਚ ਆਜਾਦੀ ਦਾ ਨਿੱਘ) ਜੋ ਬਾਹਮਣ ਨੇ ਸਾਨੂੰ ਦੇਸ਼ ਆਜਾਦ ਕਰਵਾਉਣ ਲਈ 86% ਕੁਰਬਾਨੀਆਂ ਕਰਨ ਬਦਲੇ ਦਿੱਤੇ ਹਨ।
ਦੁਨੀਆਂ ਵਿਚ ਕਿਸੇ ਇਨਸਾਨ ਨੂੰ ਮਾਰਨ ਦਾ ਕੋਈ ਵੀ ਐਸਾ ਘਿਣਾਉਣਾ ਤਰੀਕਾ ਨਹੀਂ ਬਚਿਆ ਹੋਣਾ ਜਿਹੜਾ ਹਿੰਦੂਸਤਾਨੀ ਸੰਵਿਧਾਨ ਤੇ ਕਨੂੰਨ ਨੇ ਸਾਨੂੰ ਮਾਰਨ ਲਈ ਨਾ ਵਰਤਿਆ ਹੋਵੇ। ਭਾਈ ਇੰਦਰਜੀਤ ਸਿੰਘ ਕਰਨਾਲ ਨੂੰ ਹਿੰਦੂਸਤਾਨੀ ਪੁਲਸ ਵੱਲੋਂ ਖੂਹ ਵਿਚ ਸੁੱਟ ਕੇ ਸ਼ਹੀਦ ਕਰਨ ਤੋਂ ਤੁਰੀ ਹੋਈ ਦਾਸਤਾਨ ਗੋਲੀਆਂ, ਬੰਬਾਂ, ਟੈਕਾਂ ਦੇ ਗੋਲਿਆਂ, ਮਿੱਟੀ ਦੇ ਤੇਲ ਤੇ ਅੱਗ ਲਾ ਕੇ ਗਲ ਪਾਏ ਹੋਏ ਟਾਇਰਾਂ ਵਿਚ ਦੀ ਹੁੰਦੀ ਹੋਈ ਪੰਜਾਬ ਪੁਲਸ ਦੇ ਇੰਟੈਰੋਗੇਸ਼ਨ ਸੈਂਟਰਾਂ ਵਿਚ ਬੰਦ-ਬੰਦ ਕੱਟ ਕੇ, ਖੋਪਰੀਆਂ ਲਾਹ ਕੇ, ਦੇਗਾਂ ਵਿਚ ਉਬਾਲ ਕੇ, ਗਰਮ ਸਲਾਖਾਂ ਨਾਲ ਅੱਖਾਂ ਕੱਢ ਕੇ, ਜਮੂਰਾਂ ਨਾਲ ਮਾਸ ਨੋਚਕੇ, ਗਰਮ ਪ੍ਰੈਸ ਲਾ ਕੇ ਮਾਸ ਸਾੜ ਕੇ, ਪਲਾਸ ਨਾਲ ਦੰਦ ਖਿੱਚ ਕੇ, ਗੁਪਤ ਅੰਗਾਂ ‘ਤੇ ਕਰੰਟ ਲਾ ਕੇ, ਪੱਟ ਚੀਰ ਕੇ ਵਿਚ ਲੂਣ ਮਿਰਚਾਂ ਭਰ ਕੇ, ਸ਼ਰਾਬ ਬੀਅਰ ਦੀਆਂ ਬੋਤਲਾਂ ਪਿੱਛੋਂ ਦੀ ਧੱਕ ਕੇ, ਨਗਨ ਭੈਣ ਉੱਤੇ ਭਰਾ ਤੇ ਧੀ ਦੇ ਉੱਤੇ ਪਿਤਾ ਨੂੰ ਲਿਟਾਉਣ ਤੇ ਲਾਵਾਰਿਸ ਲਾਸ਼ਾਂ ਨੂੰ ਸਾੜਨ ਦੇ ਰੂਪ ਵਿਚ ਫ੍ਰਤੱਖ ਇਤਿਹਾਸ ਬਣ ਕੇ ਸਾਡੇ ਸਾਹਮਣੇ ਖੜੀ ਹੈ।
“ਪਤਾ ਨਹੀਂ ਤਸ਼ੱਦਦ ਦੀ ਕਿਸ ਕਿਸ ਅਦਾ ‘ਤੇ ਲਿਖਿਆ ਹੈ ਤੁਸੀਂ ਮੇਰਾ ਨਾਮ”
ਦਰਿਆਵਾਂ, ਨਹਿਰਾਂ ਦੇ ਪੁਲ ਚੀਕ ਚੀਕ ਕੇ ਗਵਾਹੀ ਭਰ ਰਹੇ ਨੇ ਪੁਲਸ ਦੇ ਜ਼ੁਲਮਾਂ ਦੀ, ਕਿਉਂਕਿ ਥਾਣਿਆਂ ਵਿਚੋਂ ਮਾਰ ਕੇ ਲਿਆਂਦੇ ਜਾਂਦੇ ਸਿੰਘਾਂ, ਜਿਹਨਾਂ ਦਾ ਪਿੱਛੋਂ ਇਹਨਾਂ ਪੁਲਾਂ ‘ਤੇ ਮੁਕਾਬਲਾ ਦਿਖਾਇਆ ਜਾਂਦਾ ਸੀ, ਦੀਆਂ ਰੂਹਾਂ ਰੋਜ ਇਹਨਾਂ ਪੁਲਾਂ ‘ਤੇ ਆਉਂਦੀਆਂ ਨੇ ਤੇ ਆਪਣੇ ਨਾਲ ਵਾਪਰੀ ਸਾਰੀ ਵਿਥਿਆ ਸੁਣਾਉਂਦੀਆਂ ਨੇ। ਕਿਸੇ ਦੀਆਂ ਪੰਜ ਭੈਣਾਂ ਅਜੇ ਵਿਆਹੁਣ ਵਾਲੀਆਂ ਸਨ, ਕਿਸੇ ਦੀ ਬੁੱਢੀ ਮਾਂ ਮੰਜੇ ‘ਤੇ ਬਿਮਾਰ ਪਈ ਸੀ, ਕਿਸੇ ਬਾਪੂ ਦੀ ਬੁਢੇਪੇ ਵਿਚ ਸੋਟੀ ਫੜਨ ਵਾਲਾ ਉਸ ਦਾ ਇਹ ਇਕੱਲਾ ਪੁੱਤ ਸੀ, ਕਿਸੇ ਦੀ ਸਿੰਘਣੀ ਦੀ ਅਜੇ ਮਹਿੰਦੀ ਵੀ ਨਹੀਂ ਲੱਥੀ ਸੀ, ਕਿਸੇ ਦੇ ਬੱਚੇ ਨੇ ਅਜੇ ਪਾਪਾ ਕਹਿਣਾ ਵੀ ਨਹੀਂ ਸਿੱਖਿਆ ਸੀ……………, ਪਰ ਜ਼ਾਲਮ ਨੂੰ ਇਹ ਸਭ ਕਦੋਂ ਦਿਸਦੈ। ਉਸ ਨੂੰ ਤਾਂ ਬਸ ਦਿਸਦੀ ਸੀ ਸਿਰਫ, ਦਾਹੜੀ, ਕੇਸਰੀ ਦਸਤਾਰ, ਨੀਲਾ ਦੁਮਾਲਾ, ਕਾਲੀ ਲੋਈ ਤੇ ਮੋਟਰਸਾਈਕਲ ਤੇ ਉਸ (ਪੁਲਸ ਵਾਲੇ) ਲਈ ਇਹ ਸਬੂਤ ਕਾਫੀ ਸਨ ਕਿਸੇ ਨੂੰ ਅੱਤਵਾਦੀ ਸਿੱਧ ਕਰਨ ਲਈ ।
ਇਹ ‘ਸਭ ਕੁਝ’ ਇਸੇ ਤਰ੍ਹਾਂ ਚੱਲਦਾ ਰਹੇਗਾ, ਬੇਰੋਕ। ਇਸੇਂ ਤਰ੍ਹਾਂ ਮੁੰਡੇ, ਸਾਰੇ ਕਨੂੰਨ ਛਿੱਕੇ ਟੰਗ ਕੇ, ਫਾਂਸੀ ਲਟਕਾਏ ਜਾਂਦੇ ਰਹਿਣਗੇ, ਇਸੇ ਤਰ੍ਹਾਂ ਟਾਰਚਰ ਰੂਮਾਂ ਵਿਚੋਂ ਨਿਰਦੋਸ਼ਾਂ ਦੀਆਂ ਚੀਕਾਂ ਸੁਣਦੀਆਂ ਰਹਿਣਗੀਆਂ, ਇਸੇ ਤਰ੍ਹਾਂ ਭੈਣਾ ਦੀਆਂ ਪਾਟੀਆਂ ਚੁੰਨੀਆਂ ਥਾਣਿਆਂ ਵਿਚੋਂ ਲੱਭਦੀਆਂ ਰਹਿਣਗੀਆਂ, ਇਸੇ ਤਰ੍ਹਾਂ ਕੋਈ ਬੁੱਢਾ ਬਾਪੂ ਪੁੱਤ ਦੀਆਂ ਤਰੀਕਾਂ ‘ਤੇ ਕਚਿਹਿਰੀਆਂ ਦੇ ਕਈ ਸਾਲ ਚੱਕਰ ਕੱਟਦਾ ਰਹੇਗਾ, ‘ਸਭ ਕੁਝ’ ਇਸੇ ਤਰ੍ਹਾਂ ਚੱਲਦਾ ਰਹੇਗਾ।
ਪਰ ਇਸ ਸਭ ਦਾ ਹੱਲ ਵੀ ਹੈ ਤੇ ਉਹ ਹੈ ਜ਼ਾਲਮ ਸਾਮਰਾਜ ਨਾਲ ਟੱਕਰ ਲੈਣੀ। ਡਰ ਕੇ ਘਰ ਬੈਠ ਜਾਣਾ ਜਾਂ ਆਪਣੇ ਰਸਤੇ ਬਦਲ ਲੈਣ ਨਾਲ ਇਸ ਦਾ ਹੱਲ ਨਹੀਂ ਨਿਕਲਣਾ। ਹਰ ਗੁਲਾਮ ਕੌਮ, ਜੇ ਇਸ ਸਭ ਤੋਂ ਪਿੱਛਾ ਛਡਾਉਣਾ ਚਾਹੁੰਦੀ ਹੈ ਤਾਂ ਸਿਰਫ ਇਹੀ ਹੱਲ ਹੈ ਕਿ ਉਹ ਆਜਾਦ ਹੋਣ ਲਈ ਤੇ ‘ਆਪਣੇ ਘਰ’ ਦੀ ਪ੍ਰਾਪਤੀ ਲਈ ਜੱਦੋਜਹਿਦ ਸ਼ੁਰੂ ਕਰੇ।
ਕੌਮਾਂ ਦੇ ਇਹ ਘੋਲ ਬੜੇ ਲੰਬੇ ਚੱਲਦੇ ਨੇ, ਕਈ ਵਾਰ ਹਾਰਾਂ ਵੀ ਝੱਲਣੀਆਂ ਪੈਂਦੀਆਂ ਨੇ, ਪਰ ਥੱਕ ਕੇ ਬੈਠ ਨਹੀਂ ਜਾਣਾ ਚਾਹੀਦਾ, ਸਗੋਂ ਹੋਰ ਜੋਸ਼ ਨਾਲ ਅੱਗੇ ਵਧਣਾ ਚਾਹੀਦਾ ਹੈ ਤੇ ਓਨੀ ਦੇਰ ਤੱਕ ਸ਼ਾਂਤ ਨਹੀਂ ਹੋਣਾ ਚਾਹੀਦਾ ਜਿੰਨਾ ਚਿਰ ‘ਕੁਝ’ ਪ੍ਰਾਪਤ ਨਾ ਹੋ ਜਾਵੇ। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਸਾਡਾ ਆਪਣਾ ‘ਕੌਮੀ ਘਰ’ ਹੈ। ਸਾਡਾ ਨਿਸ਼ਾਨਾ ‘ਆਜ਼ਾਦ ਸਿਖ ਰਾਜ’ ਦੀ ਪ੍ਰਾਪਤੀ ਹੈ। ਸੋ ਆਉ ਤੁਰੀਏ, ਹਾਲਾਤ ਇਸੇ ਤਰ੍ਹਾਂ ਹੀ ਰਹਿਣਗੇ, ਅਸੀਂ ਹਾਲਾਤਾਂ ਮੁਤਾਬਿਕ ਨਹੀਂ ਚੱਲਾਂਗੇ ਸਗੋਂ ਹਾਲਾਤਾਂ ਨੂੰ ਆਪਣੇ ਹੱਕ ਵਿਚ ਕਰਾਂਗੇ।
ਪ੍ਰਮਾਤਮਾਂ ਕਰੇ ਮੇਰੀ ਕੌਮ ਨੂੰ ਇਹ ਗੱਲ ਛੇਤੀ ਸਮਝ ਆ ਜਾਵੇ ਤੇ ਸਾਨੂੰ ਹੋਰ ਖਵਾਰੀ ਨਾ ਸਹਿਣੀ ਪਵੇ।
“ਸੁਣ ਐ ਤਖ਼ਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ, ਬਾਰ ਪਰਾਏ ਮਾਲਕਾ ਅਸੀਂ ਬਹਿ ਨਾ ਸਕੀਏ ਹੋਰ”
ਜਗਦੀਪ ਸਿੰਘ ਫਰੀਦਕੋਟ






